ਨਵੀਂ ਦਿੱਲੀ: ਸਾਬਕਾ ਆਈਟੀ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਅੱਜ ਮੰਗ ਕੀਤੀ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਅਗਵਾਈ ਹੇਠ ਕੀਤੀ ਜਾਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਸੰਸਦ ’ਚ ਵ੍ਹਾਈਟ ਪੇਪਰ ਪੇਸ਼ ਕਰਕੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਜ਼ਰਾਇਲੀ ਸਪਾਈਵੇਅਰ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨ ਦਿੱਤੇ ਬਿਆਨ ਦੇ ਜਵਾਬ ’ਚ ਕਿਹਾ, ‘ਦੇਸ਼ ਬਦਨਾਮ ਨਹੀਂ ਹੋ ਰਿਹਾ ਪਰ ਤੁਹਾਡੀਆਂ ਕਾਰਵਾਈਆਂ ਕਾਰਨ ਸਰਕਾਰ ਬਦਨਾਮ ਹੋ ਰਹੀ ਹੈ।’ ਸ਼ਾਹ ਨੇ ਕਿਹਾ ਸੀ ਕਿ ਵਿਰੋਧੀ ਧਿਰ ਕੌਮਾਂਤਰੀ ਪੱਧਰ ’ਤੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਹ ਦੇ ਬਿਆਨ ‘ਤੁਸੀਂ ਕਰੋਨਾਲੌਜੀ ਸਮਝੋ’ ਬਾਰੇ ਉਨ੍ਹਾਂ ਕਿਹਾ, ‘ਅਸੀਂ ਕਰੋਨਾਲੌਜੀ ਸਮਝ ਰਹੇ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਅਮਿਤ ਸ਼ਾਹ ਜੀ ਤੁਸੀਂ ਇਸ ਦੀ ਕਰੋਨਾਲੌਜੀ ਸਮਝਾਓ। ਇਹ ਸਭ ਕੁਝ 2017-19 ਵਿਚਾਲੇ ਹੋਇਆ ਹੈ।’ -ਪੀਟੀਆਈ