ਨਵੀਂ ਦਿੱਲੀ, 9 ਅਗਸਤ
ਪੈਗਾਸਸ ਵਿਵਾਦ ਦੇ ਵਧਣ ਤੋਂ ਬਾਅਦ ਅੱਜ ਰੱਖਿਆ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਉਸ ਨੇ ਕਦੀ ਵੀ ਐਨਐਸਓ ਗਰੁੱਪ ਨਾਲ ਲੈਣ ਦੇਣ ਨਹੀਂ ਕੀਤਾ ਜੋ ਜਾਸੂਸੀ ਸਾਫਟਵੇਅਰ ਵੇਚਦਾ ਹੈ। ਐਨਐਸਓ ਦੀ ਇਜ਼ਰਾਇਲੀ ਸਰਵੀਲੈਂਸ ਸਾਫਟਵੇੇਅਰ ਕੰਪਨੀ ’ਤੇ ਦੋਸ਼ ਲੱਗੇ ਹਨ ਕਿ ਉਸ ਦੇ ਪੈਗਾਸਸ ਸਾਫਟਵੇਅਰ ਕਾਰਨ ਵਿਸ਼ਵ ਭਰ ਵਿਚ ਲੋਕਾਂ ਦੇ ਫੋਨ ਟੈਪ ਕਰਨ ਰਾਹੀਂ ਜਾਸੂਸੀ ਹੁੰਦੀ ਰਹੀ ਹੈ ਤੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਵਿਰੋਧੀ ਪਾਰਟੀਆਂ ਲਗਾਤਾਰ ਘੇਰ ਰਹੀਆਂ ਹਨ। ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਰਾਜ ਸਭਾ ਵਿਚ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰੱਖਿਆ ਮੰਤਰਾਲੇ ਨੇ ਕਦੇ ਵੀ ਇਸ ਗਰੁੱਪ ਨਾਲ ਲੈਣ ਦੇਣ ਨਹੀਂ ਕੀਤਾ।