ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਪਰੈਲ
ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨੂੰ ਚੁਫੇਰਿਓਂ ਘੇਰੀ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ 150 ਦਿਨ ਪੂਰੇ ਹੋਣ ਮਗਰੋਂ ਵੀ ਕਿਸਾਨ ਆਗੂਆਂ ਦੇ ਰੁਖ਼ ਵਿੱਚ ਕੋਈ ਨਰਮੀ ਨਹੀਂ ਆਈ ਸਗੋਂ ਉਹ ਹੋਰ ਵੀ ਹਿੰਮਤ ਨਾਲ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਨ। ਅੱਜ ਟਿਕਰੀ ਬਾਰਡਰ ’ਤੇ ਕਿਸਾਨ ਆਗੂ ਗਰਜੇ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਬਖੀਏ ਉਧੇੜੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਨੀ ਯਾਦ ਕਰਵਾ ਦਿੱਤੀ ਹੈ ਤੇ ਇਸ ਅੰਦੋਲਨ ਨੇ ਦੇਸ਼ ਨੂੰ ਰਾਹ ਦਿਖਾਇਆ ਹੈ। ਉਨ੍ਹਾ ਕਿਹਾ, ‘ਕੁੱਝ ਲੋਕ ਆਪਣੀ ਗੱਲ ਸਾਡੇ ਮੂੰਹਾਂ ਵਿੱਚ ਪਾਉਣੀ ਚਾਹੁੰਦੇ ਸਨ ਤੇ ਇਸੇ ਚਾਲ ਤਹਿਤ ਸੰਸਦ ਭਵਨ ਵੱਲ ਮਾਰਚ ਦਾ ਮੁੱਦਾ ਉਠਾਇਆ ਗਿਆ।’ ਸ੍ਰੀ ਰਾਜੇਵਾਲ ਨੇ ਸਪੱਸ਼ਟ ਕੀਤਾ ਕਿ ਇਹ ਮਾਰਚ ਜ਼ਰੂਰ ਕੱਢਿਆ ਜਾਵੇਗਾ ਪਰ ਇਸ ਨਾਲ ਕਿਸਾਨਾਂ ਦਾ ਭੋਰਾ ਵੀ ਨੁਕਸਾਨ ਨਾ ਹੋਵੇ ਸਗੋਂ ਕੇਂਦਰ ਸਰਕਾਰ ਘੇਰੇ ਵਿੱਚ ਆਵੇ, ਕਿਸਾਨ ਆਗੂ ਅਜਿਹੀ ਵਿਉਂਤਬੰਦੀ ਬਣਾਉਣ ’ਚ ਲੱਗੇ ਹੋਏ ਹਨ।
ਟਿਕਰੀ-ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ’ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜਥੇਬੰਦਕ ਸੰਘਰਸ਼ਾਂ ਦੇ ਅਰਥ ਸਮਝਦੀ ਨੌਜਵਾਨ ਪੀੜ੍ਹੀ ਲਗਾਤਾਰ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਦੀ ਆ ਰਹੀ ਹੈ। ਕਿਸਾਨ ਸੰਘਰਸ਼ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਨੇ ਨੌਜਵਾਨ ਏਕਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਨਵੀਂ ਪੀੜ੍ਹੀ ਨੂੰ ਸਿਰਫ਼ ਗੀਤਾਂ ਵਿੱਚ ਹੀ ਲਲਕਾਰੇ ਮਾਰਦੇ ਸੁਣਿਆ ਜਾਂਦਾ ਸੀ, ਪਰ ਨੌਜਵਾਨਾਂ ਨੇ ਇਸ ਗੱਲ ਨੂੰ ਗਲਤ ਸਾਬਤ ਕਰਦਿਆਂ ਆਪਣੇ ਹੱਕਾਂ ਲਈ ਕਿਸੇ ਵੱਡੀ ਤੋਂ ਵੱਡੀ ਤਾਕਤ ਨਾਲ ਲੜਨ ਦਾ ਫ਼ੈਸਲਾ ਕਰ ਲਿਆ ਹੈ। ਕਿਸਾਨਾਂ ਵਿੱਚ ਜੋਸ਼ ਬਰਕਰਾਰ ਰੱਖਣ ਲਈ ਨੌਜਵਾਨ ਲੇਖਕ ਵੀ ਆਪਣਾ ਰੋਲ ਬਾਖੂਬੀ ਨਿਭਾਅ ਰਹੇ ਹਨ। ਵੱਖ-ਵੱਖ ਨਾਟਕ ਟੀਮਾਂ, ਕਲਾਕਾਰਾਂ ਤੇ ਗੀਤਕਾਰਾਂ ਵੱਲੋਂ ਕਿਸਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਸੰਘਰਸ਼ ਵਿੱਚ ਡਟੇ ਰਹਿਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਕੀ ਬਜ਼ੁਰਗ, ਕੀ ਨੌਜਵਾਨ, ਸਭ ਖੇਤੀ ਅੰਦੋਲਨ ਲਈ ਆਪਣਾ ਯੋਗਦਾਨ ਦੇਣ ਲਈ ਲਾਮਬੰਦ ਹਨ।