ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਫਰਵਰੀ
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਈ ਇਲਾਕਿਆਂ ਦੇ ਪੰਜਾਬੀ ਕਿਸਾਨਾਂ ਨੂੰ ਤਿੰਨਾਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਲਾਮਬੰਦ ਕਰਨ ਤੇ ਫਿਰ ਦਿੱਲੀ ਡੇਰੇ ਲਾਉਣ ਵਿੱਚ ਉਕਤ ਰਾਜਾਂ ਵਿੱਚ ਸਰਗਰਮ ਬਾਬਿਆਂ ਦਾ ਖਾਸਾ ਯੋਗਦਾਨ ਹੈ।
ਉਕਤ ਖੇਤਰ, ਜਿਸ ਨੂੰ ‘ਤਰਾਈ’ ਦਾ ਇਲਾਕਾ ਕਿਹਾ ਜਾਂਦਾ ਹੈ, ਵਿੱਚ ਗੁਰੂ ਨਾਨਕ ਦੇਵ ਨਾਲ ਸਬੰਧਤ ਨਾਨਕਮਤਾ ਨਾਂ ਦਾ ਸਥਾਨ ਹੈ, ਜਿੱਥੇ ਸਿੱਧ ਗੋਸਟਿ ਹੋਣ ਦੇ ਇਤਿਹਾਸਕ ਹਵਾਲੇ ਮਿਲਦੇ ਹਨ। ਇਸ ਤੋਂ ਇਲਾਵਾ ਨਾਨਕਪੁਰੀ ਟਾਂਡਾ ਦੇ ਭੂਰੀ ਵਾਲੇ ਬਾਬਾ ਜੱਗਾ ਸਿੰਘ, ਹਜ਼ੂਰ ਸਾਹਿਬ (ਪੀਲੀਭੀਤ) ਦੇ ਬਾਬਾ ਮੋਹਨ ਸਿੰਘ, ਨਾਨਕਪੁਰੀ ਦੇ ਬਾਬਾ ਗੁਰਜੰਟ ਸਿੰਘ, ਨਵਾਬਜੰਗ ਦੇ ਅਨੂਪ ਸਿੰਘ, ਬਾਜ਼ਪੁਰ ਦੇ ਨਾਨਕਸਰ ਦੇ ਪ੍ਰਤਾਪ ਸਿੰਘ, ਸ਼ਾਹਜਹਾਂਪੁਰ ਦੇ ਨਿਰਮਲ ਸਿੰਘ ਤੇ ਬਿਸ਼ਨਪੁਰੀ ਦੇ ਪ੍ਰਬੰਧਕਾਂ ਵੱਲੋਂ ਅੰਦੋਲਨਕਾਰੀਆਂ ਲਈ ਸਹੂਲਤਾਂ ਦਾ ਯੋਗਦਾਨ ਦਿੱਤਾ ਗਿਆ। ਗਾਜ਼ੀਪੁਰ ਵਿੱਚ ਅੰਦੋਲਨ ਦੇ ਸ਼ੁਰੂ ਤੋਂ ਹੀ ਡਟੇ ਹੋਏ ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਤਰਾਈ ਦੀਆਂ ਉਕਤ ਥਾਵਾਂ ਤੋਂ ਕਿਸਾਨਾਂ ਵੱਲੋਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾਵਾਂ ਅਤੇ ਸਥਾਨਾਂ ਵੱਲੋਂ ਅੰਦੋਲਨ ਮਘਾਉਣ ਤੇ ਫਿਰ ਗਾਜ਼ੀਪੁਰ ਦੇ ਮੋਰਚੇ ਦੌਰਾਨ ਹਰ ਸੰਭਵ ਸਹਾਇਤਾ ਦਿੱਤੀ ਗਈ। ਉਨ੍ਹਾਂ ਮੁਤਾਬਕ ਪਹਿਲਾਂ ਪੰਜਾਬੀ ਕਿਸਾਨਾਂ ਨੇ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਰੋਕਾਂ ਤੋੜ ਕੇ ਗਾਜ਼ੀਪੁਰ ਡੇਰੇ ਲਾਏ ਫਿਰ 28 ਜਨਵਰੀ ਮਗਰੋਂ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕਾਰਕੁਨਾਂ ਨੇ ਇਨ੍ਹਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਸਰਕਾਰ ਦੇ ਮਨਸੂਬੇੇ ਫੇਲ੍ਹ ਕੀਤੇ। ਇਸ ਨਾਲ ਬੀਕੇਯੂ (ਭਾਨੂੰ) ਤੇ ਵੀਐੱਮ ਸਿੰਘ ਦੇ ਗੁੱਟ ਵੱਲੋਂ ਕਥਿਤ ਪਿੱਠ ਦਿਖਾ ਜਾਣ ਦੀ ਭਰਪਾਈ ਹੋ ਗਈ।