ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼ ਦੀ ਦੁਨੀਆ ਪੱਧਰ ’ਤੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਰਗੀ ਕੋਈ ਮਿਸਾਲ ਨਹੀਂ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਨੇ ਹਾਕਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਵੀ ਬੋਲਣ ਦੀ ਹਿੰਮਤ ਤੇ ਜਾਚ ਸਿਖਾਈ। ਉਨ੍ਹਾਂ ਕਿਹਾ ਕਿ ਹਾਕਮ ਬੇਸ਼ੱਕ ਡਾਢਾ ਹੋਵੇ ਪਰ ਸੱਚ ਨੂੰ ਦਬਾਉਣ ਲਈ ਉਹ ਹਮੇਸ਼ਾ ਹਾਰਦਾ ਹੈ। ਸ੍ਰੀ ਉਗਰਾਹਾਂ ਨੇ ਕਿਹਾ ਕਿ ਮੌਜੂਦਾ ਹਕੂਮਤ ਦਾ ਵੀ ਆਪਣੇ ਵਿਰੁੱਧ ਉੱਠਣ ਵਾਲੀਆਂ ਲਹਿਰਾਂ ਨੂੰ ਦਬਾਉਣ ਲਈ ਪੂਰਾ ਤਾਣ ਲਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਾਂਗਰਸੀਏ ਦਲਾਲ, ਮਾਓਵਾਦੀ, ਨਕਸਲਬਾੜੀ, ਕਾਮਰੇਡ, ਖਾਲਿਸਤਾਨੀ ਅਤੇ ਅੰਦੋਲਨਜੀਵੀ ਕਹਿਣ ਤੋਂ ਬਾਅਦ ਵੀ ਸੰਘਰਸ਼ ਨੂੰ ਢਾਹ ਲਾਉਣ ’ਚ ਸਰਕਾਰ ਅਸਫ਼ਲ ਰਹੀ ਹੈ।
ਮਹਿਲਾ ਜਥੇਬੰਦੀ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਦੇਸ਼ ਦੇ ਹਾਕਮ ਹੁਣ ਲੋਕਾਂ ’ਚ ਕਰੋਨਾ ਬਿਮਾਰੀ ਦਾ ਸਹਾਰਾ ਲੈ ਕੇ ਅੰਦੋਲਨ ਨੂੰ ਠੱਪ ਕਰਨ ਦੇ ਰਾਹ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦਾ ਭਾਂਡਾ ਵੀ ਇਸ ਸ਼ਾਂਤਮਈ ਸੰਘਰਸ਼ ਨੇ ਭੰਨ੍ਹਿਆ ਹੈ ਅਤੇ 400 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਵਿੱਚ ਵੀ ਕਰੋਨਾ ਨੈਗੇਟਿਵ ਹੈ, ਜਿਨ੍ਹਾਂ ਨੇ ਨਾ ਦੂਰੀ ਦਾ ਧਿਆਨ ਰੱਖਿਆ, ਨਾ ਮਾਸਕ ਪਹਿਨਿਆ, ਲੰਗਰ ਵੀ ਰਲ ਮਿਲ ਕੇ ਬਣਾਇਆ ਅਤੇ ਛੱਕਿਆ ਵੀ। ਉਨ੍ਹਾਂ ਅੰਦੋਲਨਕਾਰੀਆਂ ਨੂੰ ਸਰਕਾਰ ਦੇ ਹਮਲੇ ਲਈ ਚੌਕਸ ਅਤੇ ਮਾਨਸਿਕ ਤੌਰ ’ਤੇ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਣਕ ਦੀ ਫ਼ਸਲ ਦੀ ਕਟਾਈ ਅਤੇ ਸਾਂਭ-ਸੰਭਾਲ ਦਾ ਕੰਮ ਮੁਕੰਮਲ ਹੋਣ ’ਤੇ 21 ਅਪਰੈਲ ਨੂੰ ਪੰਜਾਬ ਤੋਂ ਕਿਰਤੀਆਂ ਦੇ ਵੱਡੇ ਕਾਫਲੇ ਦਿੱਲੀ ਲਿਆਉਣ ਲਈ ਕਿਹਾ। ਇਸ ਦੌਰਾਨ 21 ਅਪਰੈਲ ਨੂੰ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਲਈ ਮੋਰਚੇ ਵਿੱਚ ਵਿਸ਼ੇਸ਼ ਇੱਕਠ ਕੀਤਾ ਜਾਵੇਗਾ।
ਅੱਜ ਸਟੇਜ ਤੋਂ ਗੁਰਭਿੰਦਰ ਸਿੰਘ ਕੋਕਰੀ ਕਲਾਂ (ਮੋਗਾ), ਗੁਰਭੇਜ ਸਿੰਘ ਰੋਹੀ ਵਾਲਾ (ਫਾਜ਼ਿਲਕਾ), ਮਨਪ੍ਰੀਤ ਸਿੰਘ ਸਿੰਘੇ ਵਾਲਾ (ਮੁਕਤਸਰ), ਯੁਵਰਾਜ ਸਿੰਘ ਘੁਡਾਣੀ (ਲੁਧਿਆਣਾ), ਹਰਮਿੰਦਰ ਸਿੰਘ (ਬਠਿੰਡਾ), ਬੂਟਾ ਸਿੰਘ ਪੱਖੋਕੇ (ਬਰਨਾਲਾ), ਬਲਵਿੰਦਰ ਸਿੰਘ ਘੋੜਾ (ਸੰਗਰੂਰ) ਅਤੇ ਦਵਿੰਦਰ ਸਿੰਘ ਮਾਨਾ (ਮੁਕਤਸਰ) ਆਦਿ ਨੇ ਵੀ ਸੰਬੋਧਨ ਕੀਤਾ।