- ਹਾਵੜਾ ’ਚ ਧਾਰਾ 144 ਤਹਿਤ ਪਾਬੰਦੀਆਂ ਜਾਰੀ
- ਰਾਂਚੀ ਵਿੱਚ 33 ਘੰਟਿਆਂ ਮਗਰੋਂ ਇੰਟਰਨੈੱਟ ਸੇਵਾ ਬਹਾਲ ਅਤੇ ਕਈ ਇਲਾਕਿਆਂ ’ਚੋਂ ਪਾਬੰਦੀਆਂ ਹਟਾਈਆਂ
- ਯੂਪੀ ਵਿੱਚ 300 ਤੋਂ ਵੱਧ ਲੋਕ ਗ੍ਰਿਫ਼ਤਾਰ
- ਡੋਡਾ ਵਿੱਚ ਭੜਕਾਊ ਤਕਰੀਰ ਕਰਨ ਵਾਲਾ ਗ੍ਰਿਫ਼ਤਾਰ
- ਚਨਾਬ ਘਾਟੀ ’ਚ ਚੌਥੇ ਦਿਨ ਵੀ ਕਰਫਿਊ
ਮੁੱਖ ਅੰਸ਼
ਨਵੀਂ ਦਿੱਲੀ, 12 ਜੂਨ
ਪੈਗੰਬਰ ਮੁਹੰਮਦ ਬਾਰੇ ਭਾਜਪਾ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਮਗਰੋਂ ਲੰਘੇ ਸ਼ੁੱਕਰਵਾਰ ਸ਼ੁਰੂ ਹੋਈ ਹਿੰਸਾ ਦਰਮਿਆਨ ਦੇਸ਼ ਦੀਆਂ ਵੱਖ ਵੱਖ ਥਾਵਾਂ ’ਤੇ ਅੱਜ ਤਣਾਅ ਭਰੀ ਸ਼ਾਂਤੀ ਬਣੀ ਰਹੀ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਸਵੇਰੇ ਸਥਿਤੀ ਸ਼ਾਂਤੀਪੂਰਨ ਰਹੀ। ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਧਾਰਾ 144 ਲਾਗੂ ਹੈ ਤੇ ਇੰਟਰਨੈੱਟ ਸੇਵਾ ਬੰਦ ਹੈ ਜਦਕਿ ਹੁਣ ਤੱਕ ਸੌ ਦੇ ਕਰੀਬ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਝਾਰਖੰਡ ਦੇ ਰਾਂਚੀ ਵਿੱਚ ਹਾਲਾਤ ਤਣਾਅ ਵਾਲੇ ਬਣੇ ਰਹੇ। ਰਾਂਚੀ ਵਿੱਚ ਪੁਲੀਸ ਨੇ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਖ਼ਿਲਾਫ਼ 25 ਦੇ ਕਰੀਬ ਕੇਸ ਦਰਜ ਕੀਤੇ ਹਨ। ਜ਼ਿਲ੍ਹੇ ’ਚ 33 ਘੰਟਿਆਂ ਮਗਰੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਜਦਕਿ 12 ਥਾਣਿਆਂ ਅਧੀਨ ਆਉਂਦੇ ਇਲਾਕਿਆਂ ’ਚੋਂ ਧਾਰਾ 144 ਹਟਾ ਦਿੱਤੀ ਗਈ ਹੈ। ਉੱਧਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅੱਜ ਪ੍ਰਸ਼ਾਸਨ ਨੇ ਹਿੰਸਾ ਦੇ ਮੁੱਖ ਮੁਲਜ਼ਮ ਜਾਵੇਦ ਅਹਿਮਦ ਉਰਫ਼ ਪੰਪ ਦਾ ਘਰ ਢਾਹ ਦਿੱਤਾ ਹੈ ਤੇ ਪੂਰੇ ਯੂਪੀ ’ਚ ਹਿੰਸਾ ਦੇ ਮਾਮਲੇ ’ਚ 300 ਤੋਂ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਭੜਕਾਊ ਤਕਰੀਰ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਜੰਮੂ ਦੀ ਚਨਾਬ ਘਾਟੀ ’ਚ ਲਗਾਤਾਰ ਚੌਥੇ ਦਿਨ ਕਰਫਿਊ ਤੇ ਪਾਬੰਦੀਆਂ ਜਾਰੀ ਰਹੀਆਂ।
ਪ੍ਰਯਾਗਰਾਜ ਹਿੰਸਾ: ਮੁੱਖ ਮੁਲਜ਼ਮ ਦੇ ਘਰ ’ਤੇ ਚੱਲਿਆ ਬੁਲਡੋਜ਼ਰ
ਪ੍ਰਯਾਗਰਾਜ/ਲਖਨਊ: ਪ੍ਰਯਾਗਰਾਜ ਵਿਕਾਸ ਅਥਾਰਿਟੀ (ਪੀਡੀਏ) ਨੇ ਲੰਘੇ ਸ਼ੁੱਕਰਵਾਰ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਜਾਵੇਦ ਅਹਿਮਦ ਉਰਫ਼ ਪੰਪ ਦਾ ਘਰ ਅੱਜ ਢਾਹ ਦਿੱਤਾ ਹੈ। ਪੀਡੀਏ ਦੀ ਕਾਰਵਾਈ ਮੌਕੇ ਵੱਡੀ ਗਿਣਤੀ ’ਚ ਪੁਲੀਸ ਫੋਰਸ ਹਾਜ਼ਰ ਰਹੀ। ਇਸ ਤੋਂ ਇੱਕ ਦਿਨ ਪਹਿਲਾਂ ਵੀ ਪੀਡੀਏ ਨੇ ਸਹਾਰਨਪੁਰ ’ਚ ਦੰਗਿਆਂ ਦੇ ਦੋ ਮੁਲਜ਼ਮਾਂ ਦੇ ਘਰ ਢਾਹੇ ਸਨ। ਸਹਾਰਨਪੁਰ ਸ਼ਹਿਰ ਦੇ ਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਦੋ ਮੁਲਜ਼ਮਾਂ ਮੁਜ਼ਾਮਿਲ ਤੇ ਅਬਦੁਲ ਵਕੀਰ ਦੀ ਪਛਾਣ ਹੋਈ ਸੀ ਤੇ ਨਗਰ ਨਿਗਮ ਦੀ ਟੀਮ ਨੇ ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਪ੍ਰਯਾਗਰਾਜ ’ਚ ਪੀਡੀਏ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਜਾਵੇਦ ਅਹਿਮਦ ਦਾ ਘਰ ‘ਜੇਕੇ ਆਸ਼ੀਆਨਾ’ ਪ੍ਰਯਾਗਰਾਜ ਦੇ ਕਾਰੇਲੀ ਇਲਾਕੇ ’ਚ ਸਥਿਤ ਹੈ। ਪੁਲੀਸ ਦੀ ਟੀਮ ਤੇ ਇੱਕ ਜੇਸੀਬੀ ਮਸ਼ੀਨ ਸਵੇਰੇ 10.30 ਵਜੇ ਦੇ ਕਰੀਬ ਮੌਕੇ ’ਤੇ ਪਹੁੰਚੀ ਤੇ ਉਨ੍ਹਾਂ ਦੁਪਹਿਰ ਇਕ ਵਜੇ ਦੇ ਕਰੀਬ ਉਸਾਰੀ ਢਾਹ ਦਿੱਤੀ।’ ਪ੍ਰਯਾਗਰਾਜ ਦੇ ਐੱਸਐੱਸਪੀ ਅਜੈ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਜਾਵੇਦ ਅਹਿਮਦ ਨੂੰ ਪਥਰਾਅ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਨੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇ ਸਿਲਸਿਲੇ ’ਚ ਹੁਣ ਤੱਕ 13 ਕੇਸ ਦਰਜ ਕਰਕੇ 300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏਡੀਜੀਪੀ (ਅਮਨ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 9 ਜ਼ਿਲ੍ਹਿਆਂ ’ਚ 13 ਕੇਸ ਦਰਜ ਕੀਤੇ ਗਏ ਹਨ। -ਪੀਟੀਆਈ
ਕੋਲਕਾਤਾ: ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਅੱਜ ਸਥਿਤੀ ਸ਼ਾਂਤੀਪੂਰਨ ਬਣੀ ਰਹੀ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਆਈਪੀਸੀ ਦੀ ਧਾਰਾ 144 ਲਾਗੂ ਹੈ ਤੇ ਇੰਟਰਨੈੱਟ ਸੇਵਾਵਾਂ ਬੰਦ ਹਨ। ਪੁਲੀਸ ਅਨੁਸਾਰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬੇਲਡਾਂਗਾ, ਰੇਜੀਨਗਰ ਤੇ ਸ਼ਕਤੀਪੁਰ ਥਾਣਿਆਂ ਅਧੀਨ ਆਉਂਦੇ ਇਲਾਕਿਆਂ ’ਚ ਵੀ ਸਥਿਤੀ ਸ਼ਾਂਤੀਪੂਰਨ ਬਣੀ ਰਹੀ, ਜਿੱਥੇ ਹਿੰਸਾ ਮਗਰੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਿੰਸਾ ’ਚ ਸ਼ਮੂਲੀਅਤ ਦੇ ਦੋਸ਼ ਹੇਠ ਹੁਣ ਤੱਕ ਦੋਵਾਂ ਜ਼ਿਲ੍ਹਿਆਂ ’ਚੋਂ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਲੰਘੀ ਰਾਤ ਉਲੂਬੇਰੀਆ, ਪਾਂਚਲਾ, ਜਗਤਬੱਲਵਪੁਰ ਤੇ ਧੂਲਾਗੜ੍ਹ ਸਮੇਤ ਹਾਵੜਾ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਰੂਟ ਫਲੈਗ ਮਾਰਚ ਕੀਤਾ। ਇਨ੍ਹਾਂ ਇਲਾਕਿਆਂ ’ਚ ਕੋਈ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮੌਜੂਦਾ ਸਮੇਂ ਹਾਲਾਤ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ ਕਿਉਂਕਿ ਹਾਵੜਾ ਤੇ ਮੁਰਸ਼ਦਾਬਾਦ ਜ਼ਿਲ੍ਹਿਆਂ ’ਚ ਹਿੰਸਾ ਕੋਈ ਹੋਰ ਘਟਨਾ ਨਹੀਂ ਵਾਪਰੀ ਹੈ। ਹੁਣ ਤੱਕ 100 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’
ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਅੱਜ ਵੀ ਹਾਲਾਤ ਤਣਾਅ ਵਾਲੇ ਬਣੇ ਰਹੇ। ਪੁਲੀਸ ਨੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਤੇ ਹੁਣ ਤੱਕ ਹਿੰਸਾ ਦੇ ਸਬੰਧ ਵਿੱਚ ਹਜ਼ਾਰਾਂ ਵਿਅਕਤੀਆਂ ਖ਼ਿਲਾਫ਼ 25 ਕੇਸ ਦਰਜ ਕੀਤੇ ਗਏ ਹਨ। ਰਾਂਚੀ ਦੇ ਡਿਪਟੀ ਕਮਿਸ਼ਨਰ ਛਵੀ ਰੰਜਨ ਨੇ ਕਿਹਾ ਕਿ ਹਾਲਾਂਕਿ ਜ਼ਿਲ੍ਹੇ ’ਚ 33 ਘੰਟਿਆਂ ਮਗਰੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਾਂਚੀ ਦੇ ਸੰਵੇਦਨਸ਼ੀਲ ਇਲਾਕਿਆਂ ’ਚ 3500 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰਾਂਚੀ ਦੇ ਐੱਸਐੱਸਪੀ ਸੁਰੇਂਦਰ ਕੁਮਾਰ ਝਾਅ ਨੇ ਕਿਹਾ ਕਿ ਜ਼ਿਲ੍ਹੇ ਵਿਚਲੀਆਂ ਅਹਿਮ ਥਾਵਾਂ ’ਤੇ ਰੈਪਿਡ ਐਕਸ਼ਨ ਫੋਰਸ, ਅਤਿਵਾਦ ਰੋਕੂ ਦਸਤੇ, ਸਪੈਸ਼ਲ ਟਾਸਕ ਫੋਰਸ ਤੇ ਜ਼ਿਲ੍ਹੇ ਪੁਲੀਸ ਦੇ ਜਵਾਨ ਤਾਇਨਾਤ ਹਨ। ਉਨ੍ਹਾਂ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਤੱਕ ਇਸ ਹਿੰਸਾ ਦੇ ਸਬੰਧ ਵਿੱਚ 25 ਕੇਸ ਦਰਜ ਕਰਕੇ 22 ਪਛਾਣੇ ਜਾ ਚੁੱਕੇ ਤੇ ਹਜ਼ਾਰਾਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਭੱਦਰਵਾਹ/ਜੰਮੂ: ਡੋਡਾ ਜ਼ਿਲ੍ਹੇ ’ਚ ਹਿੰਸਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਜੰਮੂ ਖੇਤਰ ਦੀ ਚਨਾਬ ਘਾਟੀ ’ਚ ਲਗਾਤਾਰ ਚੌਥੇ ਦਿਨ ਵੀ ਕਰਫਿਊ ਤੇ ਪਾਬੰਦੀਆਂ ਜਾਰੀ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਸ਼ਹਿਰ ’ਚੋਂ ਪੁਲੀਸ ਨੇ ਅੱਜ ਸਵੇਰੇ ਆਦਿਲ ਗਫੂਰ ਗਨਈ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਨਈ ਨੇ ਭੱਦਰਵਾਹ ਦੀ ਮਰਕਜ਼ੀ ਜਾਮੀਆ ਮਜਸਿਦ ਤੋਂ 9 ਜੂਨ ਨੂੰ ਰੈਲੀ ਦੌਰਾਨ ਭੜਕਾਊ ਤਕਰੀਰ ਕੀਤੀ ਸੀ। ਡੋਡਾ ਤੇ ਕਿਸ਼ਤਵਾੜ ਜ਼ਿਲ੍ਹਿਆਂ ’ਚੋਂ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ, ‘ਭੱਦਰਵਾਹ ’ਚ ਕਰਫਿਊ ਤੋਂ ਕੋਈ ਢਿੱਲ ਨਹੀਂ ਦਿੱਤੀ ਗਈ ਤੇ ਕਿਸ਼ਤਵਾੜ ਦੇ ਨਾਲ ਨਾਲ ਗੰਡੋਹ, ਟਾਟਰੀ ਤੇ ਡੋਡਾ ਸ਼ਹਿਰ ’ਚ ਵੀ ਧਾਰਾ 144 ਤਹਿਤ ਪਾਬੰਦੀਆਂ ਲਾਗੂ ਹਨ। ਹਾਲਾਂਕਿ ਰਾਮਬਨ ਜ਼ਿਲ੍ਹੇ ’ਚੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ।’ -ਪੀਟੀਆਈ
ਪ੍ਰਧਾਨ ਮੰਤਰੀ ਆਪਣੀ ਚੁੱਪੀ ਤੋੜਨ: ਸ਼ਸ਼ੀ ਥਰੂਰ
ਨਵੀਂ ਦਿੱਲੀ: ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਮਗਰੋਂ ਦੇਸ਼ਿਵੱਚ ਬਣੇ ਮਾਹੌਲ ਬਾਰੇ ਆਪਣੀ ਖਾਮੋਸ਼ੀ ਤੋੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਭਾਰਤ ਨੇ ਇਸਲਾਮੀ ਦੇਸ਼ਾਂ ਨਾਲ ਸਬੰਧ ਸੁਧਾਰਨ ਲਈ ਕਦਮ ਚੁੱਕੇ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਮੌਜੂਦਾ ਹਾਲਾਤ ਕਾਰਨ ਇਹ ਸਬੰਧ ਵਿਗੜ ਵੀ ਸਕਦੇ ਹਨ। -ਪੀਟੀਆਈ
ਗ਼ੈਰਕਾਨੂੰਨੀ ਸੀ ਜਾਵੇਦ ਪੰਪ ਦਾ ਘਰ: ਪੀਡੀਏ
ਪ੍ਰਯਾਗਰਾਜ: ਪ੍ਰਯਾਗਰਾਜ ਵਿਕਾਸ ਅਥਾਰਿਟੀ (ਪੀਡੀਏ) ਦੇ ਅਧਿਕਾਰੀ ਨੇ ਦੱਸਿਆ ਕਿ ਜਾਵੇਦ ਅਹਿਮਦ ਉਰਫ਼ ਪੰਪ ਵੱਲੋਂ ਇਹ ਘਰ ਪੀਡੀਏ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਬਣਾਇਆ ਗਿਆ ਸੀ। ਇਸ ਸਬੰਧੀ 10 ਮਈ ਨੂੰ ਨੋਟਿਸ ਜਾਰੀ ਕਰਕੇ ਸਬੰਧਤ ਵਿਅਕਤੀ ਨੂੰ 24 ਮਈ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤਾਰੀਕ ਤੱਕ ਨਾ ਤਾਂ ਜਾਵੇਦ ਤੇ ਨਾ ਹੀ ਉਸ ਦਾ ਵਕੀਲ ਹਾਜ਼ਰ ਹੋਇਆ ਅਤੇ ਨਾ ਹੀ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਕੀਤਾ ਗਿਆ ਜਿਸ ਕਾਰਨ 25 ਮਈ ਨੂੰ ਉਸ ਦਾ ਘਰ ਢਾਹੁਣ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ। ਪੀਡੀਏ ਨੇ ਸ਼ਹਿਰ ਦੇ ਅਟਾਲਾ ਇਲਾਕੇ ’ਚ ਜਾਵੇਦ ਦੇ ਘਰ ਦੇ ਬਾਰ ਨੋਟਿਸ ਵੀ ਚਿਪਕਾ ਦਿੱਤਾ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਸਵੇਰੇ 11 ਵਜੇ ਤੱਕ ਇਹ ਘਰ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਐੱਸਪੀ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਜਾਵੇਦ ਅਹਿਮਦ ਦੇ ਪਰਿਵਾਰ ਦੇ ਕੁਝ ਜੀਅ ਆਏ ਤੇ ਇੱਥੋਂ ਆਪਣਾ ਸਾਮਾਨ ਚੁੱਕ ਕੇ ਪਿਛਲੇ ਦਰਵਾਜ਼ੇ ’ਚੋਂ ਨਿਕਲ ਗਏ।
ਯੂਪੀ ’ਚ ਬੁਲਡੋਜ਼ਰ ‘ਗੁੰਡਾਗਰਦੀ’ ਦਾ ਚਿੰਨ੍ਹ ਬਣਿਆ: ਜੈਅੰਤ
ਨਵੀਂ ਦਿੱਲੀ/ਲਖਨਊ: ਆਰਐੱਲਡੀ ਦੇ ਮੁਖੀ ਜੈਅੰਤ ਚੌਧਰੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ’ਚ ਬੁਲਡੋਜ਼ਰ ਗੁੰਡਾਗਰਦੀ ਦਾ ਚਿੰਨ੍ਹ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬੁਲਡੋਜ਼ਰ ਦੀ ਵਰਤੋਂ ਕਾਨੂੰਨ ਲਾਗੂ ਕਰਨ ਦੀ ਕਾਰਵਾਈ ਨਹੀਂ ਹੈ ਸਗੋਂ ਇਹ ਹੁਣ ਰਾਜ ਵਿੱਚ ‘ਗੁੰਡਾਗਰਦੀ’ ਦਾ ਚਿੰਨ੍ਹ ਬਣ ਚੁੱਕਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਜੇਲ੍ਹ ਅੰਦਰ ਪੁਲੀਸ ਵੱਲੋਂ ਕੁਝ ਵਿਅਕਤੀਆਂ ਦੀ ਡਾਂਗਾਂ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਟਵਿੱਟਰ ’ਤੇ ਸਾਂਝੀ ਕਰਦਿਆਂ ਅਜਿਹੀਆਂ ਘਟਨਾਵਾਂ ’ਤੇ ਸਵਾਲ ਚੁੱਕੇ ਹਨ। ਸ੍ਰੀ ਯਾਦਵ ਨੇ ਪੁਲੀਸ ਦੀ ਆਲੋਚਨਾ ਕਰਦਿਆਂ ਕਿਹਾ, ‘ਇਸ ਕਾਰਵਾਈ ’ਤੇ ਸਵਾਲ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਕਾਨੂੰਨ ਆਪਣੀ ਤਾਕਤ ਗੁਆ ਲਵੇਗਾ। ਹਿਰਾਸਤੀ ਮੌਤਾਂ ’ਚ ਯੂਪੀ ਪਹਿਲੇ ਸਥਾਨ ’ਤੇ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਦਲਿਤਾਂ ’ਤੇ ਜ਼ੁਲਮਾਂ ’ਚ ਵੀ ਯੂਪੀ ਸਿਖਰ ’ਤੇ ਹੈ।’ -ਪੀਟੀਆਈ