ਸ੍ਰੀਨਗਰ, 26 ਜੁਲਾਈ
ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਪੀਡੀਪੀ ਆਗੂ ਵਹੀਦ-ਉਰ-ਰਹਿਮਾਨ ਪਾਰਾ ਖ਼ਿਲਾਫ਼ ਅਤਿਵਾਦ ਦੇ ਦੋਸ਼ ਤੈਅ ਕੀਤੇ ਹਨ। ਪਾਰਾ ਪਾਰਟੀ ਦਾ ਸੀਨੀਅਰ ਆਗੂ ਹੈ ਤੇ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਦਾ ਕਰੀਬੀ ਮੰਨਿਆ ਜਾਂਦਾ ਹੈ। ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹ ਪਾਕਿਸਤਾਨ ਅਧਾਰਿਤ ਅਤਿਵਾਦੀ ਸੰਗਠਨਾਂ ਦਾ ਮਦਦਗਾਰ ਹੈ, ਪੱਤਰਕਾਰ ਤੇ ਸਿਆਸੀ ਆਗੂ ਵਜੋਂ 2007 ਤੋਂ ਉਸ ਦਾ 13 ਸਾਲ ਦਾ ਸਫ਼ਰ ‘ਧੋਖੇ ਤੇ ਦੋਗਲੇਪਨ ਦੀ ਕਹਾਣੀ ਹੈ।’ ਇਸ ਕੇਸ ਵਿਚ ਅਦਾਲਤ ਨੇ ਮਹੀਨੇ ਦੇ ਸ਼ੁਰੂ ਵਿਚ ਇਸਤਗਾਸਾ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣੀਆਂ ਸਨ। ਹੁਣ ਉਸ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਦਹਿਸ਼ਤਗਰਦਾਂ ਨਾਲ ਸਿਆਸੀ ਲਾਹੇ ਲਈ ਤਾਲਮੇਲ ਸਥਾਪਿਤ ਕੀਤਾ। ਬਦਲੇ ਵਿਚ ਉਨ੍ਹਾਂ ਨੂੰ ਵੀ ਕਈ ਤਰ੍ਹਾਂ ਦੀ ਮਦਦ ਦਿੱਤੀ। -ਪੀਟੀਆਈ