ਕੋਚੀ, 19 ਮਈ
ਕਾਂਗਰਸ ਛੱਡ ਕੇ ਐੱਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ) ’ਚ ਸ਼ਾਮਲ ਹੋਏ ਪੀਸੀ ਚਾਕੋ ਨੂੰ ਐੱਨਸੀਪੀ ਦੀ ਕੇਰਲਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਪਾਰਟੀ ਆਗੂਆਂ ਨੇ ਦਿੱਤੀ ਹੈ। ਏਜੰਸੀ ਨਾਲ ਗੱਲਬਾਤ ਕਰਦਿਆਂ ਚਾਕੋ ਨੇ ਦੱਸਿਆ ਕਿ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਉਸ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਹੈ।
ਚਾਕੋ ਨੇ ਸੀਨੀਅਰ ਪਾਰਟੀ ਆਗੂ ਟੀਪੀ ਪੀਤਮਬਰਨ ਮਾਸਟਰ ਦੀ ਜਗ੍ਹਾ ਲਈ ਹੈ, ਜੋ 2019 ਤੋਂ ਐੱਨਸੀਪੀ ਦੇ ਸਟੇਟ ਪ੍ਰਧਾਨ ਥੌਮਸ ਚਾਂਡੀ ਦੀ ਮੌਤ ਤੋਂ ਬਾਅਦ ਆਰਜ਼ੀ ਅਹੁਦਾ ਸੰਭਾਲ ਰਹੇ ਸਨ। ਚਾਕੋ ਨੇ ਕਾਂਗਰਸ ਤੋਂ 10 ਮਾਰਚ ਨੂੰ ਅਸਤੀਫ਼ਾ ਦਿੱਤਾ ਸੀ। ਉਹ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ। ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਐੱਨਸੀਪੀ ’ਚ ਸ਼ਾਮਲ ਹੋਏ, ਜੋ ਕੇਰਲਾ ਵਿੱਚ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਦੀ ਭਾਈਵਾਲ ਹੈ। ਉਸ ਨੇ ਐੱਲਡੀਐੱਫ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕੀਤਾ। -ਪੀਟੀਆਈ