ਮੁੰਬਈ: ਇੱਥੇ ਹੋਏ ਇੱਕ ਸਮਾਗਮ ਦੌਰਾਨ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਦੁਨੀਆ ਭਰ ਵਿਚ ਨਾਂ ਕਮਾ ਚੁੱਕੇ ਮੁੰਬਈ ਵਿਚ ਟਿਫਿਨ ਮੁਹੱਈਆ ਕਰਵਾਉਣ ਵਾਲੇ ਡੱਬਾਵਾਲਿਆਂ ਨੂੰ ਮੁਫ਼ਤ ਸਾਈਕਲ ਵੰਡੇ। ਇਸ ਸ੍ਰੀ ਪਵਾਰ ਨੇ ਸਿਰ ਉੱਪਰ ‘ਡੱਬਾਵਾਲਾ ਟੋਪੀ’ ਪਹਿਨੀ ਹੋਈ ਸੀ ਤੇ ਉਨ੍ਹਾਂ ਨੇ ਟਿਫਿਨ ਸਰਵਿਸ ਦੀ ਸ਼ਲਾਘਾ ਕੀਤੀ। ਸ੍ਰੀ ਪਵਾਰ ਨੇ ਕਿਹਾ ਕਿ ਡੱਬੇਵਾਲੇ ਮੁੰਬਈ ਵਾਸੀਆਂ ਨੂੰ ਕਰੀਬ ਇੱਕ ਸਦੀ ਤੋਂ ਰੋਟੀ ਖੁਆ ਰਹੇ ਹਨ। ਉਨ੍ਹਾਂ ਨੇ ਗਿੰਨੀਜ਼ ਬੁੱਕ ਆਫ ਰਿਕਾਡਰਜ਼ ਵਿਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਡੱਬੇਵਾਲੇ ਦੋ ਲੱਖ ਤੋਂ ਵੱਧ ਟਿਫਿਨ ਵੱਖ ਵੱਖ ਥਾਈਂ ਮੁਹੱਈਆ ਕਰਵਾਉਂਦੇ ਹਨ। ਇਸ ਦੌਰਾਨ ਸ੍ਰੀ ਪਵਾਰ ਨੇ ਚਾਰ ਕਾਮਿਆਂ ਨੂੰ ਸਾਈਕਲ ਭੇਟ ਕੀਤੇ। ਉਨ੍ਹਾਂ ਵੱਲੋਂ ਕੁੱਲ ਦੋ ਸੌ ਸਾਈਕਲ ਭੇਟ ਕੀਤੇ ਜਾਣੇ ਹਨ, ਜੋ ਆਉਣ ਵਾਲੇ ਦਿਨਾਂ ਵਿਚ ਦਿੱਤੇ ਜਾਣਗੇ। -ਆਈਟੇਐਨਐਸ