ਸ੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਇੱਥੇ ਜੰਮੂ ਕਸ਼ਮੀਰ ਪ੍ਰਸ਼ਾਸਨ ’ਤੇ ‘ਹਰ ਘਰ ਤਿਰੰਗਾ’ ਮੁਹਿੰਮ ਲਈ ਲੋਕਾਂ ਨੂੰ ਕੌਮੀ ਝੰਡਾ ਖਰੀਦਣ ਲਈ ਮਜਬੂਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਭਗਤੀ ਕੁਦਰਤੀ ਹੁੰਦੀ ਹੈ ਅਤੇ ਇਸ ਨੂੰ ਥੋਪਿਆ ਨਹੀਂ ਜਾ ਸਕਦਾ। ਜਾਣਕਾਰੀ ਅਨੁਸਾਰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ 13 ਤੋਂ 15 ਅਗਸਤ ਤੱਕ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ’ਤੇ ਕੌਮੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਮੁਹਿੰਮ ਚਲਾਈ ਗਈ ਹੈ। ਮਹਬਿੂਬਾ ਨੇ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬਿਜਬਹੇੜਾ ਨਗਰਪਾਲਿਕਾ ਵੱਲੋਂ ਇੱਕ ਵਾਹਨ ਦੀ ਛੱਤ ’ਤੇ ਲਾਊਂਡ ਸਪੀਕਰ ਲਾ ਕੇ ਇਸ ਮੁਹਿੰਮ ਤਹਿਤ ਦੁਕਾਨਦਾਰਾਂ ਨੂੰ ਤਿਰੰਗਾ ਖਰੀਦਣ ਲਈ 20 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਮਹਬਿੂਬਾ ਨੇ ਕਿਹਾ, ‘‘ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਜਿਸ ਢੰਗ ਨਾਲ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਕੌਮੀ ਝੰਡਾ ਲਹਿਰਾਉਣ ਲਈ ਭੁਗਤਾਨ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਜਿਵੇਂ ਕਸ਼ਮੀਰ ਦੁਸ਼ਮਣ ਦਾ ਇਲਾਕਾ ਹੋਵੇ, ਜਿਸ ’ਤੇ ਕਬਜ਼ਾ ਕਰਨ ਦੀ ਲੋੜ ਹੈ। ਦੇਸ਼ ਭਗਤੀ ਕੁਦਰਤੀ ਤੌਰ ’ਤੇ ਹੁੰਦੀ ਹੈ ਅਤੇ ਥੋਪੀ ਨਹੀਂ ਜਾ ਸਕਦੀ।’’ ਵੀਡੀਓ ਵਿੱਚ ਪ੍ਰਸ਼ਾਸਨ ਵੱਲੋਂ ਕਸ਼ਮੀਰੀ ਭਾਸ਼ਾ ਵਿੱਚ ਸਥਾਨਕ ਵਾਸੀਆਂ ਨੂੰ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ