ਪਟਨਾ, 13 ਮਈ
ਪਟਨਾ ਹਾਈ ਕੋਰਟ ਨੇ ਅੱਜ ਸਹਾਰਾ ਇੰਡੀਆ ਦੇ ਚੇਅਰਮੈਨ ਸੁਬ੍ਰਤਾ ਰੌਏ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ ਕਿਉਂਕਿ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਡੀਜੀਪੀ ਅਤੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਰੌਏ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਬ੍ਰਤਾ ਰੌਏ ਖ਼ਿਲਾਫ਼ ਕਰੋੜਾਂ ਦੀ ਧੋਖਾਧੜੀ ਦੇ ਕੇਸਾਂ ਦੀ ਸੁਣਵਾਈ ਜਸਟਿਸ ਸੰਦੀਪ ਕੁਮਾਰ ਦੇ ਸਿੰਗਲ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਦੋ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਰੌਏ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਅਦਾਲਤ ਨੇ ਕਿਹਾ ਕਿ ਕਾਰੋਬਾਰੀ ਨੂੰ ਪੇਸ਼ ਹੋਣ ਲਈ ਕਾਫ਼ੀ ਸਮਾਂ ਦਿੱਤਾ ਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਰੌਏ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨਾ ਪਿਆ। ਸੁਬ੍ਰਤਾ ਰੌਏ ਦੇ ਵਕੀਲ ਨੇ ਅਦਾਲਤ ਵਿੱਚ ਮੁਲਜ਼ਮ ਦੇ ਗ਼ੈਰਹਾਜ਼ਰ ਰਹਿਣ ਦੀ ਵਜ੍ਹਾ ਉਸ ਦੀ ਵਡੇਰੀ ਉਮਰ (74 ਸਾਲ), ਬਿਮਾਰੀ ਅਤੇ ਸੁਰੱਖਿਆ ਸਬੰਧੀ ਖ਼ਤਰਾ ਦੱਸਿਆ, ਜਿਸ ਨੂੰ ਅਦਾਲਤ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ। -ਆਈਏਐੱਨਐੱਸ