ਨਵੀਂ ਦਿੱਲੀ, 7 ਜੂਨ
ਦਿੱਲੀ ਮੈਟਰੋ ਸੇਵਾਵਾਂ ਦੇ ਅੱਜ ਤੋਂ ਮੁੜ ਬਹਾਲ ਹੋਣ ਨਾਲ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਤੋਂ ਲੈ ਕੇ ਸੁਰੱਖਿਆ ਅਮਲਾ ਬਾਗੋ-ਬਾਗ਼ ਹੈ। ਹਾਲਾਂਕਿ ਡੀਐੱਮਆਰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜ ਪੈਣ/ਜ਼ਰੂਰੀ ਹੋਣ ’ਤੇ ਹੀ ਮੈਟਰੋ ਸੇਵਾਵਾਂ ਦੀ ਵਰਤੋਂ ਕਰਨ। ਕੌਮੀ ਰਾਜਧਾਨੀ ਵਿੱਚ ਕੋਵਿਡ ਹਾਲਾਤ ਵਿੱਚ ਸੁਧਾਰ ਦੇ ਮੱਦੇਨਜ਼ਰ ਮੈਟਰੋ ਸੇਵਾਵਾਂ ਤਿੰਨ ਹਫ਼ਤਿਆਂ ਮਗਰੋਂ ਅੱਜ ਸਵੇਰੇ 6 ਵਜੇ ਬਹਾਲ ਕੀਤੀਆਂ ਗਈਆਂ ਹਨ। ਹਾਲਾਂਕਿ ਮੈਟਰੋ ਗੱਡੀਆਂ 50 ਫੀਸਦ ਸੀਟਿੰਗ ਸਮਰੱਥਾ ਦੇ ਨਾਲ ਹੀ ਚੱਲਣਗੀਆਂ। ਮੁਸਾਫਰਾਂ ਨੂੰ ਮੈਟਰੋ ਵਿੱਚ ਖੜ੍ਹ ਕੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੈ।
ਦੱਖਣੀ ਦਿੱਲੀ ਵਿੱਚ ਇਕ ਨਿੱਜੀ ਅਦਾਰੇ ਵਿੱਚ ਕੰਮ ਕਰਦੇ ਸਮੀਰ ਖ਼ਾਨ (25) ਨੇ ਕਿਹਾ ਕਿ ਉਹ ਮੈਟਰੋ ਰੇਲਗੱਡੀ ਦੇ ਮੁੜ ਲੀਹ ’ਤੇ ਪੈਣ ਦੀ ਉਡੀਕ ਕਰ ਰਿਹਾ ਸੀ। ਉਸ ਨੇ ਕਿਹਾ, ‘‘ਮੈਂ ਹਸਪਤਾਲ ਵਿੱਚ ਕੰਮ ਕਰਦਾ ਹਾਂ, ਜਿਸ ਕਰਕੇ ਮੈਨੂੰ ਰੋਜ਼ਾਨਾ ਸਫ਼ਰ ਕਰਨਾ ਪੈਂਦਾ ਹੈ। ਲੌਕਡਾਊਨ ਦੇ ਦਿਨਾਂ ਵਿੱਚ ਮੈਂ ਕੈਬ ਰਾਹੀਂ ਸਫ਼ਰ ਕਰਦਾ ਸੀ, ਪਰ ਕੋਵਿਡ ਦੇ ਮੱਦੇਨਜ਼ਰ ਹੁਣ ਇਹ ਸੁਰੱਖਿਅਤ ਨਹੀਂ ਹਨ। ਮੈਟਰੋ ਕਾਫ਼ੀ ਸੁਰੱਖਿਅਤ ਹੈ ਤੇ ਅੱਜ ਮੈਂ ਬਦਰਪੁਰ ਤੋਂ ਲਾਜਪਤ ਨਗਰ ਸਟੇਸ਼ਨ ਤੱਕ ਦਾ ਸਫ਼ਰ ਕੀਤਾ।
ਮੈਟਰੋ ਗੱਡੀ ਦੇ ਡੱਬਿਆਂ ਦੇ ਅੰਦਰ ਤੇ ਬਾਹਰ ਸਾਰੇ ਸੁਰੱਖਿਆ ਨੇਮਾਂ ਦੀ ਪਾਲਣਾ ਕੀਤੀ ਗਈ।’’ ਮੈਟਰੋ ਰਾਹੀਂ ਸਫ਼ਰ ਕਰਨ ਵਾਲੇ ਪੁਰਸ਼ ਤੇ ਮਹਿਲਾ ਮੁਸਾਫ਼ਰਾਂ ਨੇ ਕਿਹਾ ਕਿ ਉਹ ਸਮਾਜਿਕ ਦੂਰੀ ਸਮੇਤ ਹੋਰ ਸਾਰੇ ਨੇਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਟਰੋ ਸੇਵਾਵਾਂ ਬਹਾਲ ਹੋਣ ਦੇ ਬਾਵਜੂਦ ਲੋਕਾਂ ਨੂੰ ਸੁਰੱਖਿਆ ਸਾਵਧਾਨੀਆਂ ਪਹਿਲਾਂ ਵਾਂਗ ਹੀ ਵਰਤਣੀਆਂ ਚਾਹੀਦੀਆਂ ਹਨ। -ਪੀਟੀਆਈ