ਪੁੱਡੂਚੇਰੀ: ਪੁੱਡੂਚੇਰੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਅੱਜ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਾਰਟੀ ਦੇ ਕੁਝ ਵਰਕਰਾਂ ਨੇ ਸੂਬੇ ਦੀਆਂ ਅਹਿਮ ਸੀਟਾਂ ਡੀਐੱਮਕੇ ਨੂੰ ਦੇ ਦਿੱਤੀਆਂ। ਸਕਰੀਨਿੰਗ ਕਮੇਟੀ ਦੀ ਮੀਟਿੰਗ ’ਚ ਇੱਕ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਸਾਬਕਾ ਮੁੱਖ ਮੰਤਰੀ ਵੀ ਨਾਰਾਇਣਸਾਮੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਖਲ ਦੇ ਕੇ ਵਰਕਰਾਂ ਨੂੰ ਸ਼ਾਂਤ ਕੀਤਾ। ਪਾਰਟੀ ਆਗੂ ਦਿਗਵਿਜੈ ਸਿੰਘ, ਪੱਲਮ ਰਾਜੂ, ਸੰਜੈ ਦੱਤ ਅਤੇ ਦਿਨੇਸ਼ ਗੁੰਡੂ ਰਾਓ ਸਮੇਤ ਆਲ ਇੰਡੀਆ ਕਾਂਗਰਸ ਕਮੇਟੀ ਦਾ ਵਫ਼ਦ ਸਥਾਨਕ ਆਗੂਆਂ ਨਾਲ ਵਿਚਾਰ ਚਰਚਾ ਕਰਨ ਅਤੇ ਪਾਰਟੀ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਲਈ ਇੱਥੇ ਪੁੱਜਿਆ ਹੋਇਆ ਸੀ। ਕਾਂਗਰਸ ਨੂੰ 15 ਸੀਟਾਂ ਜਦਕਿ ਇਸ ਦੇ ਭਾਈਵਾਲ ਡੀਐੱਮਕੇ ਨੂੰ 13 ਸੀਟਾਂ ਮਿਲੀਆਂ ਹਨ। ਇਸ ਦੌਰਾਨ ਮੰਗਲਮ, ਤਿਰੂਭੁਵਾਨੀ ਤੇ ਮੰਨਾਡੀਪੇਟ ਹਲਕਿਆਂ ਤੋਂ ਪੁੱਜੇ ਹੋਏ ਪਾਰਟੀ ਵਰਕਰਾਂ ਨੇ ਇਨ੍ਹਾਂ ਹਲਕਿਆਂ ਦੀਆਂ ਸੀਟਾਂ ਡੀਐੱਮਕੇ ਨੂੰ ਦਿੱਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਹੰਗਾਮਾ ਕੀਤਾ। -ਪੀਟੀਆਈ