ਨਵੀਂ ਦਿੱਲੀ, 13 ਅਕਤੂਬਰ
ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਪਾਰਟੀ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਕੁਝ ਪਾਰਟੀ ਆਗੂ ਉਨ੍ਹਾਂ ਖ਼ਿਲਾਫ਼ ਚੋਣ ਲੜ ਰਹੇ ਮਲਿਕਾਰਜੁਨ ਖੜਗੇ ਦਾ ਖੁੱਲ੍ਹੇਆਮ ਸਮਰਥਨ ਕਰ ਰਹੇ ਹਨ। ਉਨ੍ਹਾਂ ਖੜਗੇ ਦੇ ਹੱਕ ਵਿਚ ਮੀਟਿੰਗਾਂ ਵੀ ਸੱਦੀਆਂ ਹਨ। ਥਰੂਰ ਨੇ ਕਿਹਾ ਕਿ ਇਸ ਨਾਲ ਮੁਕਾਬਲਾ ਬਰਾਬਰ ਦਾ ਨਹੀਂ ਰਹਿ ਜਾਂਦਾ। ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਕਿਹਾ ਕਿ ਕਈ ਪ੍ਰਦੇਸ਼ ਕਾਂਗਰਸ ਇਕਾਈਆਂ ਤੇ ਸੀਨੀਅਰ ਆਗੂਆਂ ਨੇ ਉਨ੍ਹਾਂ ਨਾਲ ਰਾਜਾਂ ਦੇ ਦੌਰੇ ਦੌਰਾਨ ਬੈਠਕ ਨਹੀਂ ਕੀਤੀ। ਪਰ ਉਹ ਖੜਗੇ ਦੇ ਬੁਲਾਉਣ ’ਤੇ ਉਨ੍ਹਾਂ ਨੂੰ ਸਮਰਥਨ ਦੇਣ ਗਏ ਹਨ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਚ ਡੈਲੀਗੇਟਾਂ ਤੋਂ ਵੋਟ ਮੰਗਦਿਆਂ ਥਰੂਰ ਨੇ ਕਿਹਾ ਕਿ ਉਹ ਪਾਰਟੀ ਦੇ ਢਾਂਚੇ ਵਿਚ ‘ਬਦਲਾਅ’ ਲਿਆਉਣਾ ਚਾਹੁੰਦੇ ਹਨ। ਥਰੂਰ ਨੇ ਨਾਲ ਹੀ ਕਿਹਾ ਕਿ ਉਹ ਉਨ੍ਹਾਂ ਵੋਟਰਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ ਜੋ 2014 ਤੇ 2019 ਦੀਆਂ ਚੋਣਾਂ ਦੌਰਾਨ ਪਾਰਟੀ ਵੱਲ ਨਹੀਂ ਖੜ੍ਹੇ। ਥਰੂਰ ਨੇ ਨਾਲ ਹੀ ਕਿਹਾ ਕਿ ਉਹ ਕੁਝ ਡੈਲੀਗੇਟਾਂ ਨੂੰ ਇਸ ਕਰ ਕੇ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਦੇ ਨਾਂ ਉਸ ਸੂਚੀ ਵਿਚ ਨਹੀਂ ਸਨ ਜੋ ਉਨ੍ਹਾਂ (ਥਰੂਰ) ਨੂੰ ਦਿੱਤੀ ਗਈ ਸੀ। ਥਰੂਰ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਤੇ ਸ਼ਸ਼ੀ ਵਿਚਾਲੇ ਕੋਈ ਵਖ਼ਰੇਵਾਂ ਨਹੀਂ ਹੈ। ਖੜਗੇ ਨੇ ਕਿਹਾ ਕਿ ਉਹ ਭਰਾ ਹਨ ਤੇ ਗੱਲ ਕਹਿਣ ਦਾ ਢੰਗ ਵੱਖ-ਵੱਖ ਹੋ ਸਕਦਾ ਹੈ। -ਪੀਟੀਆਈ/ਏਐੱਨਆਈ