ਨਵੀਂ ਦਿੱਲੀ, 24 ਮਈ
ਵਿਸ਼ਵ ਬੈਂਕ ਦੇ ਸਾਬਕਾ ਅਰਥਸ਼ਾਸਤਰੀ ਕੌਸ਼ਿਕ ਬਾਸੂ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰੇ ਦੀ ਬੁਨਿਆਦ ਹਾਲਾਂਕਿ ਮਜ਼ਬੂਤ ਹੈ ਪਰ ‘ਵੰਡੀਆਂ’ ਤੇ ‘ਧਰੁਵੀਕਰਨ’ ਵਧਣ ਕਾਰਨ ਦੇਸ਼ ਦੇ ਵਿਕਾਸ ਦੀ ਨੀਂਹ ਨੂੰ ਨੁਕਸਾਨ ਪਹੁੰਚ ਰਿਹਾ ਹੈ। ਬਾਸੂ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਚੁਣੌਤੀ ਬੇਰੁਜ਼ਗਾਰੀ ਤੇ ਬੇਕਾਰੀ ਹੈ ਕਿਉਂਕਿ ਦੇਸ਼ ਦੇ 24 ਫੀਸਦ ਤੋਂ ਵੱਧ ਨੌਜਵਾਨ ਬੇਰੁਜ਼ਗਾਰ ਹਨ ਜੋ ਦੁਨੀਆ ’ਚ ਸਭ ਤੋਂ ਜ਼ਿਆਦਾ ਹਨ।
ਉਨ੍ਹਾਂ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਕਿਸੇ ਵੀ ਦੇਸ਼ ਦਾ ਵਿਕਾਸ ਸਿਰਫ਼ ਆਰਥਿਕ ਨੀਤੀਆਂ ’ਤੇ ਨਿਰਭਰ ਨਹੀਂ ਕਰਦਾ। ਇਸ ਗੱਲ ਦੇ ਕਾਫੀ ਸਬੂਤ ਹਨ ਕਿ ਕਿਸੇ ਮੁਲਕ ਦੀ ਆਰਥਿਕ ਕਾਮਯਾਬੀ ਦਾ ਇੱਕ ਅਹਿਮ ਪੱਖ ਲੋਕਾਂ ਵਿਚਾਲੇ ਭਰੋਸਾ ਹੈ।’ ਮਸ਼ਹੂਰ ਅਰਥਸ਼ਾਸਤਰੀ ਨੇ ਕਿਹਾ, ‘ਭਾਰਤੀ ਸਮਾਜ ’ਚ ਵੰਡੀਆਂ ਤੇ ਧਰੁਵੀਕਰਨ ਵਧ ਰਿਹਾ ਹੈ। ਇਹ ਨਾ ਸਿਰਫ਼ ਦੁੱਖ ਦੀ ਗੱਲ ਹੈ ਬਲਕਿ ਇਹ ਦੇਸ਼ ਦੇ ਵਿਕਾਸ ਦੀ ਬੁਨਿਆਦ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।’ ਬਾਸੂ ਅਨੁਸਾਰ ਇੱਕ ਵੱਡੇ ਕਾਰੋਬਾਰੀ ਵਰਗ, ਵਧੇਰੇ ਹੁਨਰਮੰਦ ਕਾਮਿਆਂ ਤੇ ਜੀਡੀਪੀ ਦੇ ਅਨੁਪਾਤ ’ਚ ਉੱਚ ਨਿਵੇਸ਼ ਕਾਰਨ ਭਾਰਤ ਦੀ ਨੀਂਹ ਮਜ਼ਬੂਤ ਹੈ। ਹਾਲਾਂਕਿ ਹੁਨਰਮੰਦ ਕਾਮਿਆਂ ਦੀ ਗਿਣਤੀ ਪਿਛਲੇ ਕੁਝ ਸਾਲ ਤੋਂ ਘਟ ਰਹੀ ਹੈ। ਇਸ ਸਮੇਂ ਅਮਰੀਕਾ ਦੀ ਕਾਰਨੈੱਲ ਯੂਨੀਵਰਸਿਟੀ ’ਚ ਅਰਥਸ਼ਾਸਤ ਦੇ ਪ੍ਰੋਫੈਸਰ ਬਾਸੂ ਨੇ ਕਿਹਾ ਕਿ ਹਾਲਾਂਕਿ ਪ੍ਰਚੂਨ ਮਹਿੰਗਾਈ ਦਾਰ aਇਸ ਸਾਲ ਫਰਵਰੀ ’ਚ ਵੱਧ ਕੇ ਅੱਠ ਸਾਲ ਦੇ ਸਭ ਤੋਂ ਉੱਚੇ ਪੱਧਰ 7.8 ਫੀਸਦ ਤੱਕ ਪਹੁੰਚ ਗਈ ਪਰ ਥੋਕ ਕੀਮਤ ਆਧਾਰਿਤ ਮਹਿੰਗਾਈ ਦਰ 15.08 ਫੀਸਦ ’ਤੇ ਹੈ। ਉਨ੍ਹਾਂ ਕਿਹਾ, ‘ਅਸੀਂ ਪਿਛਲੇ 24 ਸਾਲ ’ਚ ਇੰਨੀ ਉੱਚੀ ਥੋਕ ਮਹਿੰਗਾਈ ਦਰ ਨਹੀਂ ਦੇਖੀ। ਹੁਣ ਜੋ ਹੋ ਰਿਹਾ ਹੈ ਉਹ 1990 ਦੇ ਦਹਾਕੇ ਦੇ ਹਾਲਾਤ ਦੀ ਯਾਦ ਦਿਵਾਉਂਦਾ ਹੈ। ਉਸ ਸਮੇਂ ਪੂਰਬੀ ਏਸ਼ਿਆਈ ਸੰਕਟ ਦਾ ਅਸਰ ਭਾਰਤ ’ਚ ਹੋਣ ਲੱਗਾ ਸੀ।’ ਬਾਸੂ ਨੇ ਕਿਹਾ ਥੋਕ ਮਹਿੰਗਾਈ ਦਰ ਪਿਛਲੇ 13 ਮਹੀਨੇ ਤੋਂ ਦੂਹਰ/ ਅੰਕੜੇ ’ਚ ਬਣੀ ਹੋਈ ਹੈ ਇਹ ਖਰਾਬ ਸਥਿਤੀ ਦਾ ਸੰਕੇਤ ਹੈ। ਇਸ ਦਾ ਮਤਲਬ ਕਿ ਮੌਜੂਦਾ ਉੱਚ ਮਹਿੰਗਾਈ ਦਰ ਪਿਛਲੇ ਸਾਲ ਤੋਂ ਵਧਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਪੂਰਬੀ ਏਸ਼ਿਆਈ ਸੰਕਟ ਤੋਂ ਮਿਲੀ ਸਿੱਖਿਆ ਨੂੰ ਭੁੱਲਣਾ ਨਹੀਂ ਚਾਹੀਦਾ। ਪ੍ਰਚੂਨ ਮਹਿੰਗਾਈ ਦਰ ਥੋਕ ਮਹਿੰਗਾਈ ਦਰ ਦੀ ਤਰ੍ਹਾਂ ਉੱਪਰ ਜਾ ਸਕਦੀ ਹੈ। ਬਾਸੂ ਨੇ ਕਿਹਾ, ‘ਮੇਰਾ ਅਨੁਮਾਨ ਹੈ ਕਿ ਭਾਰਤ ਦੀ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਨੌਂ ਫੀਸਦ ਤੋਂ ਪਾਰ ਕਰੇਗੀ। ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਇਹ ਦੂਹਰੇ ਅੰਕੜੇ ਤੱਕ ਨਾ ਪਹੁੰਚੇ।’
ਇਹ ਪੁੱਛੇ ਜਾਣ ’ਤੇ ਕੀ ਭਾਰਤੀ ਰਿਜ਼ਰਵ ਬੈਂਚ ਨੇ ਨੀਤੀਗਤ ਦਰਾਂ ਵਧਾਉਣ ਦੇ ਮਾਮਲੇ ’ਚ ਦੇਰੀ ਕੀਤੀ ਹੈ, ਉਨ੍ਹਾਂ ਕਿਹਾ ਕਿ ਆਰਬੀਆਈ ਦੀ ਨੀਤੀ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਦਰ ’ਤੇ ਹੀ ਕੇਂਦਰਿਤ ਰਹੀ ਹੈ। ਬਾਸੂ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਆਰਬੀਆਈ ਨੇ ਦੇਰ ਕੀਤੀ ਹੈ। ਭਾਰਤ ਦੀ ਹੁਣ ਤੱਕ ਦੀ ਵੱਡੀ ਚੁਣੌਤੀ ਥੋਕ ਮਹਿੰਗਾਈ ਦਰ ਸੀ। ਭਾਰਤ ਨੂੰ ਸਭ ਤੋਂ ਵੱਡਾ ਨੁਕਸਾਨ ਬੇਰੁਜ਼ਗਾਰੀ ਤੋਂ ਹੈ। -ਪੀਟੀਆਈ
‘ਉੱਚ ਮਹਿੰਗਾਈ ਦਾ ਕਾਰਨ ਆਲਮੀ’
ਉੱਚ ਮਹਿੰਗਾਈ ਦਰ ਬਾਰੇ ਕੌਸ਼ਿਕ ਬਾਸੂ ਕਿਹਾ ਕਿ ਭਾਰਤ ’ਚ ਮਹਿੰਗਾਈ ਦੀ ਉੱਚੀ ਦਰ ਦਾ ਕਾਰਨ ਆਲਮੀ ਹੈ। ਇਹ ਕੋਵਿਡ-19 ਮਹਾਮਾਰੀ ਅਤੇ ਯੂਕਰੇਨ ਜੰਗ ਕਾਰਨ ਸਪਲਾਈ ਪ੍ਰਬੰਧ ’ਚ ਪਏ ਅੜਿੱਕਿਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਮਹਿੰਗਾਈ ਦਰ ਦਾ ਕਾਰਨ ਭਾਰਤ ਦੇ ਕੰਟਰੋਲ ਤੋਂ ਬਾਹਰ ਪਰ ਮੇਰੇ ਲਈ ਫਿਕਰ ਦੀ ਗੱਲ ਇਹ ਹੈ ਕਿ ਅਸੀਂ ਗਰੀਬ ਤੇ ਮੱਧਵਰਗ ਨੂੰ ਇਸ ਤੋਂ ਬਚਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ।’