ਨਵੀਂ ਦਿੱਲੀ, 25 ਅਕਤੂਬਰ
ਦੇਸ਼ ਦੇ ਕਈ ਹਿੱਸਿਆਂ ਵਿਚ ਅੱਜ ਅੰਸ਼ਕ ਸੂਰਜ ਗ੍ਰਹਿਣ ਦੇਖਿਆ ਗਿਆ। ਸ੍ਰੀਨਗਰ ਵਿਚ ਸੂਰਜ ਨੂੰ ਸਭ ਤੋਂ ਵੱਧ- ਕਰੀਬ 55 ਪ੍ਰਤੀਸ਼ਤ ਤੱਕ ਗ੍ਰਹਿਣ ਲੱਗਿਆ। ਦਿੱਲੀ ਵਿਚ ਸ਼ਾਮ 4.29 ’ਤੇ ਚੰਦਰਮਾ ਨੇ ਸਭ ਤੋਂ ਪਹਿਲਾਂ ਸੂਰਜ ਨੂੰ ਢਕਣਾ ਸ਼ੁਰੂ ਕੀਤਾ। ਇੱਥੇ ਚੰਦਰਮਾ ਵੱਲੋਂ ਸੂਰਜ ਨੂੰ 42 ਪ੍ਰਤੀਸ਼ਤ ਤੱਕ ਢਕਣ ਦੀ ਸੰਭਾਵਨਾ ਜਤਾਈ ਗਈ ਸੀ। ਸੂਰਜ ਗ੍ਰਹਿਣ ਸ਼ਾਮ ਨੂੰ ਲੱਗਣ ਕਾਰਨ ਇਸ ਨੂੰ ਪੂਰਾ ਹੁੰਦਿਆਂ ਨਹੀਂ ਦੇਖਿਆ ਜਾ ਸਕਿਆ ਕਿਉਂਕਿ ਉਦੋਂ ਤੱਕ ਸੂਰਜ ਡੁੱਬ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਟੈਲੀਸਕੋਪ ਰਾਹੀਂ ਸੂਰਜ ਨੂੰ ਗ੍ਰਹਿਣ ਲੱਗਦਿਆਂ ਦੇਖਿਆ। ਸੂਰਜ ਗ੍ਰਹਿਣ ਮੌਕੇ ਕਈ ਤੀਰਥ ਅਸਥਾਨਾਂ ਤੇ ਪਵਿੱਤਰ ਨਦੀਆਂ-ਝੀਲਾਂ ਵਿਚ ਲੋਕਾਂ ਨੇ ਇਸ਼ਨਾਨ ਵੀ ਕੀਤਾ। ਲੱਦਾਖ, ਨੈਨੀਤਾਲ ਤੇ ਹੋਰ ਕਈ ਥਾਵਾਂ ’ਤੇ ਲੱਗੇ ਖਗੋਲੀ ਟੈਲੀਸਕੋਪਾਂ ਰਾਹੀਂ ਪੇਸ਼ੇਵਰਾਂ ਨੇ ਦੁਪਹਿਰ ਬਾਅਦ ਲੱਗਾ ਸੂਰਜ ਗ੍ਰਹਿਣ ਦੇਖਿਆ। ਹਰਿਦੁਆਰ ਵਿਚ ਅੱਜ ਵੱਡੀ ਗਿਣਤੀ ਸ਼ਰਧਾਲੂ ਗੰਗਾ ਕਿਨਾਰੇ ਹਰਿ ਕੀ ਪੌੜੀ ’ਤੇ ਇਕੱਠੇ ਹੋਏ ਤੇ ਇਸ਼ਨਾਨ ਕੀਤਾ। ਹਰਿਆਣਾ ਵਿਚ ਵੀ ਬ੍ਰਹਮ ਸਰੋਵਰ, ਜਯੋਤੀਸਰ ਤੀਰਥ ਤੇ ਕੁਰੂਕਸ਼ੇਤਰ ਵਿਚ ਵੀ ਵੱਡੀ ਗਿਣਤੀ ਸ਼ਰਧਾਲੂ ਜੁੜੇ। ਜ਼ਿਕਰਯੋਗ ਹੈ ਕਿ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਕਿ ਜਦ ਧਰਤੀ ਤੇ ਸੂਰਜ ਦੇ ਵਿਚਾਲੇ ਚੰਦਰਮਾ ਆ ਜਾਂਦਾ ਹੈ, ਤੇ ਤਿੰਨੇ ਇਕੋ ਕਤਾਰ ਵਿਚ ਆ ਜਾਂਦੇ ਹਨ। ਅੰਸ਼ਕ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦ ਚੰਦਰਮਾ ਸੂਰਜ ਦੇ ਸਿਰਫ਼ ਕੁਝ ਹਿੱਸੇ ਨੂੰ ਢਕਦਾ ਹੈ। ਸਰਕਾਰ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਨੰਗੀ ਅੱਖ ਨਾਲ ਗ੍ਰਹਿਣ ਨਾ ਦੇਖਣ ਲਈ ਕਿਹਾ ਸੀ। -ਪੀਟੀਆਈ