ਨਵੀਂ ਦਿੱਲੀ, 3 ਦਸੰਬਰ
ਨਿੱਜੀ ਡੇਟਾ ਸੁਰੱਖਿਆ ਬਿੱਲ ਦੀ ਪੜਚੋਲ ਕਰਨ ਲਈ ਬਣੀ ਸੰਸਦ ਦੀ ਸਾਂਝੀ ਕਮੇਟੀ 21 ਦਸੰਬਰ ਨੂੰ ਆਪਣੀ ਰਿਪੋਰਟ ਸਦਨ ਵਿਚ ਪੇਸ਼ ਕਰ ਸਕਦੀ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। 2019 ਵਿਚ ਸੰਸਦ ’ਚ ਪੇਸ਼ ਕੀਤਾ ਗਿਆ ਇਹ ਬਿੱਲ ਲੋਕਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਅਤੇ ਇਸ ਕੰਮ ਲਈ ਇਕ ਡੇਟਾ ਸੁਰੱਖਿਆ ਅਥਾਰਿਟੀ ਬਣਾਉਣ ਦੀ ਮੰਗ ਕਰਦਾ ਹੈ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਮੰਗ ਦੀ ਪੜਚੋਲ ਕਰਨ ਲਈ ਇਸ ਨੂੰ ਸਾਂਝੀ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਵੀਰਵਾਰ ਨੂੰ ਕਾਬਜ਼ ਧਿਰ ਭਾਜਪਾ ਦੇ ਪੀ.ਪੀ. ਚੌਧਰੀ ਨੇ ਕਮੇਟੀ ਦੀ ਮਿਆਦ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਅਖੀਰਲੇ ਹਫ਼ਤੇ ਤੱਕ ਵਧਾਉਣ ਦੀ ਮੰਗ ਕੀਤੀ ਸੀ ਤਾਂ ਜੋ ਕਮੇਟੀ ਆਪਣੀ ਰਿਪੋਰਟ ਪੇਸ਼ ਕਰ ਸਕੇ। ਇਹ ਛੇਵੀਂ ਵਾਰ ਹੈ ਜਦੋਂ ਕਮੇਟੀ ਦੀ ਮਿਆਦ ਵਧਾਈ ਗਈ ਹੈ। -ਪੀਟੀਆਈ
ਪੀਏਸੀ ਦੇ ਸ਼ਤਾਬਦੀ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ ਕੌਮਾਂਤਰੀ ਡੈਲੀਗੇਟ
ਨਵੀਂ ਦਿੱਲੀ: ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਸਬੰਧੀ ਚਿੰਤਾਵਾਂ ਵਿਚਾਲੇ ਮਨਾਏ ਜਾ ਰਹੇ ਸੰਸਦ ਦੀ ਜਨਤਕ ਅਕਾਊਂਟਸ ਕਮੇਟੀ (ਪੀਏਸੀ) ਦੇ ਸ਼ਤਾਬਦੀ ਸਮਾਰੋਹਾਂ ਵਿਚ ਕੋਈ ਵਿਦੇਸ਼ੀ ਮਹਿਮਾਨ ਸ਼ਾਮਲ ਨਹੀਂ ਹੋਵੇਗਾ। ਇਹ ਜਾਣਕਾਰੀ ਅੱਜ ਕਮੇਟੀ ਦੇ ਚੇਅਰਪਰਸਨ ਅਧੀਰ ਰੰਜਨ ਚੌਧਰੀ ਨੇ ਦਿੱਤੀ। -ਪੀਟੀਆਈ