ਨਵੀਂ ਦਿੱਲੀ, 27 ਅਗਸਤ
ਟਵਿੱਟਰ ਦੇ ਅਧਿਕਾਰੀਆਂ ਵੱਲੋਂ ਡੇਟਾ ਸੁਰੱਖਿਆ ਅਤੇ ਨਿੱਜਤਾ ਸਬੰਧੀ ਮੁੱਦਿਆਂ ਦੇ ਦਿੱਤੇ ਗਏ ਗੋਲਮੋਲ ਜਵਾਬਾਂ ਤੋਂ ਨਾਰਾਜ਼ ਸੰਸਦੀ ਕਮੇਟੀ ਨੇ ਉਨ੍ਹਾਂ ਦੀ ਲਾਹ-ਪਾਹ ਕੀਤੀ ਹੈ। ਉਂਜ ਅਧਿਕਾਰੀਆਂ ਨੇ ਭਾਰਤ ’ਚ ਟਵਿੱਟਰ ਵੱਲੋਂ ਡੇਟਾ ਸੁਰੱਖਿਆ ’ਚ ਸੰਨ੍ਹ ਦੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੀ ਸੂਚਨਾ ਅਤੇ ਤਕਨਾਲੋਜੀ ਮਾਮਲਿਆਂ ਬਾਰੇ ਸੰਸਦੀ ਸਟੈਂਡਿੰਗ ਕਮੇਟੀ ਅੱਗੇ ਟਵਿੱਟਰ ਦੇ ਸੀਨੀਅਰ ਡਾਇਰੈਕਟਰ (ਜਨਤਕ ਨੀਤੀ) ਸਮਿਰਨ ਗੁਪਤਾ ਤੇ ਡਾਇਰੈਕਟਰ (ਜਨਤਕ ਨੀਤੀ) ਸ਼ਗੁਫ਼ਤਾ ਕਾਮਰਾਨ ਪੇਸ਼ ਹੋਏ। ਕਮੇਟੀ ਨੇ ਉਨ੍ਹਾਂ ਨੂੰ ਟਵਿੱਟਰ (ਸੁਰੱਖਿਆ) ਦੇ ਸਾਬਕਾ ਮੁਖੀ ਪੀਟਰ ਜ਼ਾਟਕੋ ਦੇ ਦੋਸ਼ਾਂ ਬਾਰੇ ਸਵਾਲ ਕੀਤੇ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਮਾਈਕਰੋਬਲੌਗਿੰਗ ਸਾਈਟ ਨੇ ਭਾਰਤ ਸਰਕਾਰ ਨੂੰ ਕੰਪਨੀ ’ਚ ਆਪਣੇ ‘ਏਜੰਟ’ ਰੱਖਣ ਦੀ ਇਜਾਜ਼ਤ ਦਿੱਤੀ ਸੀ ਜਿਥੇ ਉਨ੍ਹਾਂ ਦੀ ਕੰਪਨੀ ਦੇ ਸਿਸਟਮ ਅਤੇ ਯੂਜ਼ਰ ਡੇਟਾ ਤੱਕ ਸਿੱਧੀ ਪਹੁੰਚ ਸੀ। ਸੂਤਰਾਂ ਨੇ ਕਿਹਾ ਕਿ ਟਵਿੱਟਰ ਦੇ ਅਧਿਕਾਰੀਆਂ ਨੇ ਅਜਿਹੀ ਕੋਈ ਗੱਲ ਹੋਣ ਤੋਂ ਇਨਕਾਰ ਕੀਤਾ। ਮੈਂਬਰਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਡੇਟਾ ਸੁਰੱਖਿਆ ਨੀਤੀਆਂ ਸਥਾਨਕ ਤੇ ਇਕਸਾਰ ਆਲਮੀ ਨਿੱਜਤਾ ਨੀਤੀ ਮੁਤਾਬਕ ਹਨ। ਉਨ੍ਹਾਂ ਅਧਿਕਾਰੀਆਂ ਤੋਂ ਪੁੱਛਿਆ ਕਿ ਵੱਖ ਵੱਖ ਮੁਲਕਾਂ ਦੀਆਂ ਨਿੱਜਤਾ ਨੀਤੀਆਂ ’ਚ ਟਕਰਾਅ ਨੂੰ ਉਹ ਕਿਵੇਂ ਨਜਿੱਠਦੇ ਹਨ ਜਿਸ ਦਾ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਅਧਿਕਾਰੀ ਡੇਟਾ ਸੁਰੱਖਿਆ ਅਤੇ ਨਿੱਜਤਾ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਜਿਸ ਕਾਰਨ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਲਾਹ-ਪਾਹ ਕੀਤੀ। -ਪੀਟੀਆਈ