ਨਵੀਂ ਦਿੱਲੀ, 15 ਨਵੰਬਰ
ਸਥਾਈ ਸੰਸਦੀ ਕਮੇਟੀ ਗੁਆਂਢੀ ਮੁਲਕਾਂ ਨਾਲ ਭਾਰਤ ਦੇ ਪਾਣੀ ਬਾਰੇ ਹੋਏ ਕੌਮਾਂਤਰੀ ਸਮਝੌਤਿਆਂ ’ਤੇ ਅਗਲੇ ਹਫ਼ਤੇ ਵਿਚਾਰ ਕਰੇਗੀ। ਇਸ ਮੌਕੇ ਚੀਨ ਨਾਲ ਹੋਏ ਸਮਝੌਤਿਆਂ ਉਤੇ ਵੀ ਵਿਚਾਰ-ਚਰਚਾ ਹੋਵੇਗੀ। ਇਸ ਤੋਂ ਇਲਾਵਾ ਪਾਕਿਸਤਾਨ, ਨੇਪਾਲ ਤੇ ਭੂਟਾਨ ਨਾਲ ਹੋਏ ਸਮਝੌਤਿਆਂ ਉਤੇ ਵੀ ਵਿਚਾਰ ਹੋਵੇਗਾ। ਚਰਚਾ ਪਾਣੀ ਦੇ ਸਰੋਤਾਂ ਤੇ ਹੜ੍ਹ ਪ੍ਰਬੰਧਨ ਉਤੇ ਕੇਂਦਰਤ ਹੋਵੇਗੀ। ਪਾਣੀ ਦੇ ਸਰੋਤਾਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ ਮੰਗਲਵਾਰ ਨੂੰ ਹੋਵੇਗੀ। ਇਸ ਮੌਕੇ ਜਲ ਸ਼ਕਤੀ ਤੇ ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਆਪਣੀ ਰਿਪੋਰਟ ਜ਼ੁਬਾਨੀ ਰੱਖਣਗੇ। ਇਨ੍ਹਾਂ ਦੇ ਅਧਾਰ ਉਤੇ ਹੀ ਕਮੇਟੀ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕਰੇਗੀ। ਜੇਕਰ ਕਿਸੇ ਬਦਲਾਅ ਜਾਂ ਨਵੇਂ ਸਮਝੌਤੇ ਦੀ ਲੋੜ ਹੋਈ ਤਾਂ ਕਮੇਟੀ ਸਰਕਾਰ ਨੂੰ ਇਸ ਦੀ ਸਿਫ਼ਾਰਿਸ਼ ਕਰੇਗੀ। ਇਸ ਕਮੇਟੀ ਦੇ 31 ਮੈਂਬਰ ਹਨ ਜਿਨ੍ਹਾਂ ਵਿਚੋਂ 21 ਲੋਕ ਸਭਾ ਤੇ 10 ਰਾਜ ਸਭਾ ਤੋਂ ਹਨ। ਭਾਰਤ-ਚੀਨ ਟਕਰਾਅ ਤੋਂ ਬਾਅਦ ਇਹ ਕਮੇਟੀ ਦੀ ਪਹਿਲੀ ਮੀਟਿੰਗ ਹੋਵੇਗੀ। -ਪੀਟੀਆਈ