ਨਵੀਂ ਦਿੱਲੀ, 13 ਫਰਵਰੀ
ਰੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਵੱਲੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਅਤੇ ਪੈਂਗੌਂਗ ਝੀਲ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਕਮੇਟੀ ਵੱਲੋਂ ਰਣਨੀਤਕ ਤੌਰ ’ਤੇ ਅਹਿਮ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲਈ ਜਾ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਜੁਆਲ ਓਰਾਮ ਦੀ ਅਗਵਾਈ ਹੇਠਲੀ 30 ਮੈਂਬਰੀ ਕਮੇਟੀ ਨੇ ਮਈ ਦੇ ਆਖਰੀ ਹਫ਼ਤੇ ਜਾਂ ਜੂਨ ’ਚ ਉਥੇ ਜਾਣ ਦਾ ਇਰਾਦਾ ਜਤਾਇਆ ਹੈ। ਇਸ ਕਮੇਟੀ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਮੈਂਬਰ ਹਨ। ਭਾਰਤ ਅਤੇ ਚੀਨ ਵਿਚਕਾਰ ਟਕਰਾਅ ਵਾਲੇ ਖ਼ਿੱਤੇ ਦੇ ਦੌਰੇ ਲਈ ਕਮੇਟੀ ਦੀ ਹੁਣੇ ਜਿਹੇ ਹੋਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਜਿਸ ’ਚ ਰਾਹੁਲ ਨੇ ਹਾਜ਼ਰੀ ਨਹੀਂ ਭਰੀ ਸੀ। ਉਂਜ ਅਸਲ ਕੰਟਰੋਲ ਰੇਖਾ ’ਤੇ ਕਮੇਟੀ ਦੇ ਦੌਰੇ ਦੀ ਪ੍ਰਵਾਨਗੀ ਸਰਕਾਰ ’ਤੇ ਨਿਰਭਰ ਕਰਦੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ’ਚ ਬਿਆਨ ਦਿੱਤਾ ਸੀ ਕਿ ਭਾਰਤ ਅਤੇ ਚੀਨ ਵਿਚਕਾਰ ਪੈਂਗੌਂਗ ਝੀਲ ਵਾਲੇ ਇਲਾਕਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਸਮਝੌਤਾ ਹੋ ਗਿਆ ਹੈ। -ਪੀਟੀਆਈ