ਨਵੀਂ ਦਿੱਲੀ, 26 ਮਈ
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਸੂਚਨਾ ਤਕਨੀਕ ਬਾਰੇ ਸੰਸਦੀ ਕਮੇਟੀ ਨੇ ਆਈਟੀ ਮੰਤਰਾਲੇ ਤੋਂ ਟਵਿੱਟਰ ਨਾਲ ‘ਮੈਨੀਪੁਲੇਟਿਡ ਮੀਡੀਆ’ ਮੁੱਦੇ ’ਤੇ ਹੋਈ ਗੱਲਬਾਤ ਦੀ ਜਾਣਕਾਰੀ ਮੰਗੀ ਸੀ ਤੇ ਕਮੇਟੀ ਨੂੰ ਵਿਸਥਾਰ ਵਿਚ ਜਵਾਬ ਮਿਲਿਆ ਹੈ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ’ਤੇ ਨਿਸ਼ਾਨਾ ਸੇਧਦਿਆਂ ਸ਼ਸ਼ੀ ਥਰੂਰ ਨੇ ਕਿਹਾ ਕਿ ਕਮੇਟੀ ਦੇ ਚੇਅਰਮੈਨ ਹੁੰਦਿਆਂ ਉਨ੍ਹਾਂ ਨੂੰ ਪੂਰਾ ਹੱਕ ਹੈ ਕਿ ਉਹ ਮੰਤਰਾਲੇ ਕੋਲੋਂ ਸਪੱਸ਼ਟੀਕਰਨ ਮੰਗਣ। ਦੱਸਣਯੋਗ ਹੈ ਕਿ ਦੂਬੇ ਨੇ ਦੋਸ਼ ਲਾਇਆ ਸੀ ਕਿ ਥਰੂਰ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਕੇਂਦਰ ਸਰਕਾਰ ਦੀ ਸਾਖ਼ ਖਰਾਬ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਸੀ ਤੇ ਥਰੂਰ ਵੱਲੋਂ ਹਾਲ ਹੀ ਵਿਚ ਟੂਲਕਿੱਟ ਮੁੱਦੇ ਉਤੇ ਕੇਂਦਰ ਸਰਕਾਰ ਬਾਰੇ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਸੀ। ਟਵੀਟ ਕਰਦਿਆਂ ਥਰੂਰ ਨੇ ਕਿਹਾ ਕਿ ਕਮੇਟੀ ਮੌਜੂਦਾ ਸਥਿਤੀਆਂ ਕਾਰਨ ਮਿਲ ਤਾਂ ਨਹੀਂ ਸਕਦੀ, ਇਸ ਲਈ ਉਨ੍ਹਾਂ ਮੰਤਰਾਲੇ ਨੂੰ ਇਸ ਬਾਰੇ ਪੱਤਰ ਲਿਖਿਆ। ਥਰੂਰ ਨੇ ਕਿਹਾ ਕਿ ਮੰਤਰਾਲੇ ਤੋਂ ਜਿਹੜਾ ਜਵਾਬ ਮਿਲਿਆ ਹੈ, ਉਹ ਸਾਰੇ ਕਮੇਟੀ ਮੈਂਬਰਾਂ ਨੂੰ ਭੇਜ ਦਿੱਤਾ ਗਿਆ ਹੈ। ਥਰੂਰ ਨੇ ਕਿਹਾ ਕਿ ਕਮੇਟੀ ਪਹਿਲਾਂ ਹੀ ਇਸ ਵਿਸ਼ੇ ਦੀ ਸਮੀਖਿਆ ਕਰ ਰਹੀ ਹੈ ਜੋ ਨਾਗਰਿਕ ਹੱਕਾਂ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਸੰਬਿਤ ਪਾਤਰਾ ਨੇ ਕਾਂਗਰਸ ’ਤੇ ਇਕ ‘ਟੂਲਕਿੱਟ’ ਤਿਆਰ ਕਰਨ ਦਾ ਦੋਸ਼ ਲਾਇਆ ਸੀ ਜਿਸ ਨਾਲ ਪ੍ਰਧਾਨ ਮੰਤਰੀ ਦੀ ਸਾਖ਼ ਖਰਾਬ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਉਨ੍ਹਾਂ ਇਸ ਬਾਰੇ ਟਵੀਟ ਵੀ ਕੀਤਾ ਸੀ। ਟਵਿੱਟਰ ਨੇ ਇਸ ਟਵੀਟ ਨਾਲ ‘ਮੈਨੀਪੁਲੇਟਿਡ ਮੀਡੀਆ’ ਦਾ ਟੈਗ ਲਾ ਦਿੱਤਾ ਸੀ। -ਪੀਟੀਆਈ