ਨਵੀਂ ਦਿੱਲੀ: ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਭਲਕੇ ਸਾਂਝੇ ਤੌਰ ’ਤੇ ਸੰਸਦ ਟੀਵੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਟੀਵੀ ਦੀ ਲਾਂਚਿੰਗ ਵਾਲੇ ਦਿਨ ਕੌਮਾਂਤਰੀ ਲੋਕਤੰਤਰ ਦਿਵਸ ਵੀ ਹੈ। ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਦੇ ਰਲੇਵੇਂ ਦਾ ਫ਼ੈਸਲਾ ਫਰਵਰੀ ’ਚ ਲਿਆ ਗਿਆ ਸੀ ਅਤੇ ਸੰਸਦ ਟੀਵੀ ਦੇ ਸੀਈਓ ਦੀ ਨਿਯੁਕਤੀ ਮਾਰਚ ’ਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਸੰਸਦ ਟੀਵੀ ਦੇ ਪ੍ਰੋਗਰਾਮ ਮੁੱਖ ਤੌਰ ’ਤੇ ਚਾਰ ਵਰਗਾਂ ’ਚ ਵੰਡੇ ਗਏ ਹਨ ਜਿਨ੍ਹਾਂ ’ਚ ਸੰਸਦ ਅਤੇ ਲੋਕਤੰਤਰੀ ਅਦਾਰਿਆਂ ਦਾ ਕੰਮਕਾਜ, ਰਾਜ ਅਤੇ ਯੋਜਨਾਵਾਂ ਤੇ ਨੀਤੀਆਂ ਨੂੰ ਲਾਗੂ ਕਰਨਾ, ਭਾਰਤ ਦਾ ਇਤਿਹਾਸ ਅਤੇ ਸੱਭਿਆਚਾਰ ਤੇ ਸਮਕਾਲੀ ਮੁੱਦੇ ਸ਼ਾਮਲ ਹਨ। -ਪੀਟੀਆਈ