ਨਵੀਂ ਦਿੱਲੀ, 15 ਸਤੰਬਰ
ਲੋਕ ਸਭਾ ਅਤੇ ਰਾਜ ਸਭਾ ਨੂੰ ਇਕੱਠਿਆਂ ਕਰਨ ਮਗਰੋਂ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਤੇ ਸਪੀਕਰ ਓਮ ਬਿਰਲਾ ਨਾਲ ਨਵਾਂ ਸੰਸਦ ਟੀਵੀ ਲਾਂਚ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦਾ ਸਬੰਧ ਸਿਰਫ਼ ਰਾਜਨੀਤੀ ਨਾਲ ਨਹੀਂ ਨੀਤੀ ਨਾਲ ਵੀ ਹੈ ਜਦਕਿ ਵਿਸ਼ਾ ਸਮੱਗਰੀ ਦਾ ਸਬੰਧ ‘ਜੁੜਨ’ ਨਾਲ ਹੈ, ਜੋ ਸੰਸਦੀ ਪ੍ਰਣਾਲੀ ਅਤੇ ਮੀਡੀਆ ਦੋਵਾਂ ’ਤੇ ਲਾਗੂ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਆਮ ਵਿਅਕਤੀ ਸੰਸਦ ਨਾਲ ਜੁੜੇ ਅਤੇ ਮਹਿਸੂਸ ਕਰੇ ਕਿ ਉਹ ਇਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮਾਂਤਰੀ ਲੋਕਤੰਤਰ ਦਿਵਸ ਮੌਕੇ ਇਹ ਨਵਾਂ ਚੈਨਲ ਲਾਂਚ ਹੋਇਆ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ, ਲੋਕਤੰਤਰ ਦੀ ਮਾਂ ਹੈ। ਇਹ ਇੱਕ ਪ੍ਰਣਾਲੀ ਨਹੀਂ ਬਲਕਿ ਇੱਕ ਵਿਚਾਰ ਵੀ ਹੈ ਅਤੇ ਇਹ ਸਿਰਫ਼ ਇੱਕ ਸੰਵਿਧਾਨਕ ਢਾਂਚਾ ਨਹੀਂ ਬਲਕਿ ਇਸਦੀ ਆਤਮਾ ਵੀ ਹੈ।
ਇਸ ਦੌਰਾਨ ਸੰਸਦ ਅਤੇ ਵਿਧਾਨਪਾਲਿਕਾਵਾਂ ਵਿੱਚ ਲੋਕਾਂ ਦੀਆਂ ਉਮੀਦਾਂ ਦੀ ਪ੍ਰਤੀਨਿਧਤਾ ਕਰਦੀਆਂ ਅਰਥ-ਭਰਪੂਰ ਚਰਚਾਵਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਨਾਂਹ-ਪੱਖੀ ਸ਼ੋਰ-ਸ਼ਰਾਬੇ ਨਾਲ ਆਮ ਨਾਗਰਿਕਾਂ ਦੀ ਆਵਾਜ਼ ਦਬਣੀ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਚਰਚਾਵਾਂ ਤੇ ਬਹਿਸਾਂ, ਮਸਲਿਆਂ ਦੀ ਵਿਆਖਿਆ ਕਰਨ, ਸ਼ੱਕ ਦੂਰ ਕਰਨ ਅਤੇ ਸਾਂਝੀ ਸਮਝ ਵਿਕਸਿਤ ਕਰਨ। ਉਨ੍ਹਾਂ ਕਿਹਾ ਕਿ ਬਹਿਸ ਦੌਰਾਨ ਸਮੱਸਿਆਵਾਂ ਦੇ ਹੱਲ ਮਿਲ ਜਾਂਦੇ ਹਨ, ਪਰ ਸ਼ੋਰ-ਸ਼ਰਾਬੇ ਨਾਲ ਸਿਰਫ਼ ਸਾਂਝੀ ਊਰਜਾ ਖ਼ਤਮ ਹੁੰਦੀ ਹੈ। -ਪੀਟੀਆਈ