ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਮਾਰਚ
ਸੰਸਦ ਵੱਲੋਂ ਆਸਧਾਰਨ ਭਰੂਣ ਗਿਰਾਉਣ ਸਬੰਧੀ ਗਰਭਕਾਲ ਉਮਰ ਹੱਦ ਖ਼ਤਮ ਕਰਨ ਅਤੇ ਜਬਰ-ਜਨਾਹ, ਵਿਭਚਾਰ ਅਤੇ ਨਾਬਾਲਗ ਪੀੜਤਾਂ ਲਈ ਗਰਭਪਾਤ ਕਰਵਾਉਣ ਦੀ ਸਮਾਂ ਹੱਦ 20 ਹਫ਼ਤਿਆਂ ਤੋਂ ਵਧਾ ਕੇ 24 ਹਫ਼ਤੇ ਕਰਨ ਸਬੰਧੀ ਸੋਧ ਬਿੱਲ ਸ਼ੁੱਕਰਵਾਰ ਨੂੰ ਪਾਸ ਕਰ ਦਿੱਤਾ ਗਿਆ। ਲੋਕ ਸਭਾ ਵੱਲੋਂ ਅੱਜ ਬਿੱਲ ਦੀਆਂ ਉਨ੍ਹਾਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਜੋ 16 ਮਾਰਚ ਨੂੰ ਰਾਜ ਸਭਾ ’ਚ ਪਾਸ ਕੀਤੀਆਂ ਗਈਆਂ ਸਨ। ਭਾਵੇਂਕਿ ਲੋਕ ਸਭਾ ਵੱਲੋਂ ਇਹ ਬਿੱਲ ਪਿਛਲੇ ਵਰ੍ਹੇ ਪਾਸ ਕਰ ਦਿੱਤਾ ਗਿਆ ਸੀ ਪਰ ਰਾਜ ਸਭਾ ਵੱਲੋਂ ਪਾਸ ਸੱਜਰੀਆਂ ਸੋਧਾਂ ਨੂੰ ਹੇਠਲੇ ਸਦਨ ਤੋਂ ਫਿਰ ਪ੍ਰਵਾਨ ਕਰਵਾਉਣ ਦੀ ਲੋੜ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਇੱਕ ਵਾਰ ਬਿੱਲ ਨੂੰ ਮਨਜ਼ੂਰੀ ਦਿੱਤੇ ਜਾਣ ਮਗਰੋਂ ਜਿਣਸੀ ਹਮਲਾ ਪੀੜਤਾਂ ਅਤੇ ਆਸਧਾਰਨ ਭਰੂਣ ਵਾਲੀਆਂ ਗਰਭਪਤੀ ਮਾਵਾਂ ਨੂੰ ਰਾਹਤ ਮਿਲੇਗੀ।