ਪਟਨਾ, 16 ਜੂਨ
ਮੁੱਖ ਅੰਸ਼
- ਪਸ਼ੂਪਤੀ ਪਾਰਸ ਤੇ ਚਿਰਾਗ ਪਾਸਵਾਨ ਦੇ ਸਮਰਥਕਾਂ ਵਿਚਾਲੇ ਝੜਪ
- ਪਾਰਸ ਦੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ, ਪੁਲੀਸ ਨੂੰ ਦੇਣਾ ਿਪਆ ਦਖਲ
ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ’ਚ ਜਾਰੀ ਅੰਦਰੂਨੀ ਕਲੇਸ਼ ਦੌਰਾਨ ਪਸ਼ੂਪਤੀ ਕੁਮਾਰ ਪਾਰਸ ਪਾਰਟੀ ਦੀ ਕੌਮੀ ਕਾਰਜਕਾਰਨੀ ਵਿਚ ਹਿੱਸਾ ਲੈਣ ਲਈ ਪਟਨਾ ਪਹੁੰਚ ਗਏ ਹਨ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਾ ਸੱਦਾ ਪਸ਼ੂਪਤੀ ਨੇ ਹੀ ਦਿੱਤਾ ਸੀ। ਇਸ ਮੌਕੇ ਪਾਰਸ ਦੇ ਵੱਡੀ ਗਿਣਤੀ ਸਮਰਥਕ ਪਟਨਾ ਦੇ ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ ਉਤੇ ਇਕੱਠੇ ਹੋ ਗਏ। ਉਹ ਆਪਣੇ ਨਾਲ ਬੈਂਡ ਬਾਜਾ ਵੀ ਲੈ ਕੇ ਆਏ ਸਨ।
ਇਸੇ ਤਰ੍ਹਾਂ ਦਾ ਮਾਹੌਲ ਪਾਰਟੀ ਦੇ ਪਟਨਾ ਸਥਿਤ ਦਫ਼ਤਰ ’ਚ ਦੇਖਣ ਨੂੰ ਮਿਲਿਆ। ਹਵਾਈ ਅੱਡੇ ਤੋਂ ਐਲਜੇਪੀ ਦਫ਼ਤਰ ਵੱਲ ਜਾਂਦੇ ਮਾਰਗ ਉਤੇ ਪਾਰਸ ਤੇ ਚਿਰਾਗ ਪਾਸਵਾਨ ਦੇ ਸਮਰਥਕਾਂ ਵਿਚਾਲੇ ਹਲਕੀ ਝੜਪ ਵੀ ਹੋਈ। ਚਿਰਾਗ ਦੇ ਹਮਾਇਤੀਆਂ ਨੇ ਪਾਰਸ ਦੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ। ਉਨ੍ਹਾਂ ਪਾਰਟੀ ਦਫ਼ਤਰ ਅੱਗੇ ਵੀ ਅਜਿਹਾ ਹੀ ਕੀਤਾ।
ਇਸ ਘਟਨਾ ਤੋਂ ਬਾਅਦ ਸਥਾਨਕ ਪੁਲੀਸ ਨੂੰ ਦਖ਼ਲ ਦੇਣਾ ਪਿਆ ਅਤੇ ਉਨ੍ਹਾਂ ਵਰਕਰਾਂ ਨੂੰ ਖਿੰਡਾ ਦਿੱਤਾ। ਪਾਰਸ ਦੇ ਸਮਰਥਕਾਂ ਨੇ ਅੱਜ ਐਲਜੇਪੀ ਦਫ਼ਤਰ ਉਤੇ ਪਾਰਟੀ ਆਗੂ ਦੇ ਵੱਡੇ ਬੈਨਰ ਲਾ ਦਿੱਤੇ ਤੇ ਨਾਲ ਚਿਰਾਗ ਦੀ ਫੋਟੋ ਨਹੀਂ ਲਾਈ। ਉਨ੍ਹਾਂ ਦੇ ਇਸ ਇੰਤਜ਼ਾਮ ਤੋਂ ਚਿਰਾਗ ਦੇ ਸਮਰਥਕ ਭੜਕ ਗਏ ਸਨ। ਜ਼ਿਕਰਯੋਗ ਹੈ ਕਿ ਪਾਰਸ ਨੇ ਸੰਸਦ ਵਿਚ ਖ਼ੁਦ ਨੂੰ ਪਾਰਟੀ ਦਾ ਆਗੂ ਐਲਾਨ ਦਿੱਤਾ ਸੀ ਤੇ ਐਲਜੇਪੀ ਵਿਚ ਅੰਦਰੂਨੀ ਝਗੜਾ ਸ਼ੁਰੂ ਹੋ ਗਿਆ ਸੀ। -ਪੀਟੀਆਈ
ਐਲਜੇਪੀ ਸੰਸਦ ਮੈਂਬਰ ਪ੍ਰਿੰਸ ’ਤੇ ਮਹਿਲਾ ਵੱਲੋਂ ਜਬਰ-ਜਨਾਹ ਦੇ ਦੋਸ਼
ਨਵੀਂ ਦਿੱਲੀ: ਐਲਜੇਪੀ ਆਗੂ ਚਿਰਾਗ ਪਾਸਵਾਨ ਵੱਲੋਂ ਕੁਝ ਘੰਟੇ ਪਹਿਲਾਂ ਆਪਣੇ ਚਚੇਰੇ ਭਰਾ ਲੋਕ ਸਭਾ ਮੈਂਬਰ ਪ੍ਰਿੰਸ ਰਾਜ ਖ਼ਿਲਾਫ਼ ਜਿਨਸੀ ਦੁਰਵਿਹਾਰ ਦੀ ਇਕ ਸ਼ਿਕਾਇਤ ਦਾ ਜ਼ਿਕਰ ਕਰਨ ਤੋਂ ਬਾਅਦ ਹੁਣ ਇਕ ਮਹਿਲਾ ਨੇ ਅੱਗੇ ਆ ਕੇ ਦਿੱਲੀ ਪੁਲੀਸ ਨੂੰ ਪ੍ਰਿੰਸ ਖ਼ਿਲਾਫ਼ ਜਬਰ-ਜਨਾਹ ਦੀ ਸ਼ਿਕਾਇਤ ਦਿੱਤੀ ਹੈ। ਸੂਤਰਾਂ ਮੁਤਾਬਕ ਮਹਿਲਾ ਨੇ ਕਨਾਟ ਪਲੇਸ ਪੁਲੀਸ ਥਾਣੇ ਵਿਚ ਮੰਗਲਵਾਰ ਰਾਤ ਸ਼ਿਕਾਇਤ ਦੇ ਕੇ ਪ੍ਰਿੰਸ ਰਾਜ ’ਤੇ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ ਹੈ। ਪੁਲੀਸ ਸੰਸਦ ਮੈਂਬਰ ਖ਼ਿਲਾਫ਼ ਲਾਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ। -ਆਈਏਐਨਐੱਸ