ਮੁੰਬਈ, 26 ਨਵੰਬਰ
ਮੁੰਬਈ ਪੁਲੀਸ ਦਾ ਸਾਬਕਾ ਕਮਿਸ਼ਨ ਪਰਮਬੀਰ ਸਿੰਘ ਉਨ੍ਹਾਂ ਖ਼ਿਲਾਫ਼ ਠਾਣੇ ਜ਼ਿਲ੍ਹੇ ’ਚ ਦਰਜ ਜਬਰੀ ਵਸੂਲੀ ਦੇ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਅੱਜ ਪੁਲੀਸ ਅਧਿਕਾਰੀਆਂ ਸਾਹਮਣੇ ਪੇਸ਼ ਹੋਇਆ। ਪੁਲੀਸ ਨੇ ਪਰਮਬੀਰ ਸਿੰਘ ਦੇ ਬਿਆਨ ਦਰਜ ਕੀਤੇ। ਪਰਮਬੀਰ ਸਿੰਘ ਸਥਾਨਕ ਅਦਾਲਤ ’ਚ ਵੀ ਪੇਸ਼ ਹੋਇਆ ਜਿੱਥੇ ਉਸ ਵਿਰੁੱਧ ਜਾਰੀ ਗ਼ੈਰ-ਜ਼ਮਾਨਤੀ ਵਾਰੰਟ ਰੱਦ ਕਰ ਦਿੱਤੇ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਪਰਮਬੀਰ ਸਿੰਘ ਸਵੇਰੇ 10.30 ਵਜੇ ਠਾਣੇ ਨਗਰ ਦੇ ਥਾਣੇ ਪਹੁੰਚਿਆ। ਜ਼ੋਨਲ ਪੁਲੀਸ ਉੱਪ ਕਮਿਸ਼ਨਰ (ਡੀਸੀਪੀ) ਅਵਿਨਾਸ਼ ਅੰਬੁਰੇ ਜਾਂਚ ਦੀ ਨਿਗਰਾਨੀ ਲਈ ਥਾਣੇ ’ਚ ਮੌਜੂਦ ਸਨ। ਠਾਣੇ ਪੁਲੀਸ ਨੇ ਇਸ ਸਾਲ ਜੁਲਾਈ ’ਚ ਬਿਲਡਰ ਕੇਤਨ ਤੰਨਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਰਮਬੀਰ ਸਿੰਘ ਤੇ 28 ਹੋਰਾਂ ਖ਼ਿਲਾਫ ਜਬਰੀ ਵਸੂਲੀ ਦਾ ਕੇਸ ਦਰਜ ਕੀਤਾ ਸੀ। ਪਰਮਬੀਰ ਸਿੰਘ ਖ਼ਿਲਾਫ਼ ਇਸ ਕੇਸ ’ਚ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਹਾਲ ਹੀ ’ਚ ਇੱਕ ਅਦਾਲਤ ਵੱਲੋਂ ਪਰਮਬੀਰ ਸਿੰਘ ਨੂੰ ਭਗੌੜਾ ਐਲਾਨੇ ਜਾਣ ਮਗਰੋਂ ਉਹ ਕਈ ਮਹੀਨੇ ਬਾਅਦ ਬੀਤੇ ਦਿਨ ਮੁੰਬਈ ਪਹੁੰਚਿਆ ਸੀ। ਉਸ ਦੇ ਮੁੰਬਈ ਆਉਣ ਮਗਰੋਂ ਪੁਲੀਸ ਦੀ ਅਪਰਾਧ ਸ਼ਾਖਾ ਨੇ ਜਬਰੀ ਵਸੂਲੀ ਦੇ ਇੱਕ ਵੱਖਰੇ ਮਾਮਲੇ ’ਚ ਉਨ੍ਹਾਂ ਤੋਂ ਸੱਤ ਘੰਟੇ ਤੱਕ ਪੁੱਛ ਪੜਤਾਲ ਕੀਤੀ ਸੀ। ਉਸ ਨੂੰ ਇਸ ਸਾਲ ਮੁੰਬਈ ਪੁਲੀਸ ਦੇ ਸਿਖਰਲੇ ਅਧਿਕਾਰੀ ਦੇ ਅਹੁਦੇ ਤੋਂ ਉਸ ਸਮੇਂ ਹਟਾ ਦਿੱਤਾ ਗਿਆ ਸੀ ਜਦੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜੇ ਇੱਕ ਐੱਸਯੂਵੀ ਮਿਲਣ ਦੇ ਮਾਮਲੇ ’ਚ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਸੀ। ਐਂਟੀਲੀਆ ਨੇੜਿਓਂ ਮਿਲੇ ਵਾਹਨ ’ਚ ਧਮਾਕਾਖੇਸ਼ ਸਮੱਗਰੀ ਬਰਾਮਦ ਹੋਈ ਹੈ। ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਹੀ ਪਰਮਬੀਰ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਤੰਨਾ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਜਦੋਂ ਪਰਮਬੀਰ ਸਿੰਘ 2018 ਤੇ 2019 ’ਚ ਠਾਣੇ ਦੇ ਪੁਲੀਸ ਕਮਿਸ਼ਨਰ ਸਨ ਤਾਂ ਉਨ੍ਹਾਂ ਅਤੇ ਹੋਰ ਦੋਸ਼ੀਆਂ ਨੇ ਉਨ੍ਹਾਂ ਤੋਂ 1.25 ਕਰੋੜ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ। -ਪੀਟੀਆਈ