ਪਟਨਾ, 10 ਜਨਵਰੀ
ਜਨ ਅਧਿਕਾਰ ਪਾਰਟੀ ਦੇ ਸਮਰਥਕਾਂ ਨੇ ਅੱਜ ਬਿਹਾਰ ’ਚ 60 ਥਾਵਾਂ ’ਤੇ ਰੇਲ ਗੱਡੀਆਂ ਰੋਕੀਆਂ। ਪਾਰਟੀ ਦੇ ਪ੍ਰਧਾਨ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਖੁਦ ਪਟਨਾ ਸਚਿਵਾਲਯ ਹਾਲਟ ਰੇਲਵੇ ਸਟੇਸ਼ਨ ’ਤੇ ਮੌਜੂਦ ਸੀ ਤੇ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਸੀ। ਯਾਦਵ ਨੇ ਕਿਹਾ, ‘ਅਸੀਂ ਲੰਮੇ ਸਮੇਂ ਤੋਂ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਐੱਮਐੱਸਪੀ ਲਾਗੂ ਕਰਨ, ਖਾਦਾਂ ਦੀ ਸੌਖੀ ਉਪਲੱਭਧਤਾ ਅਤੇ ਬਿਹਾਰ ਦੇ ਵਾਰਡ ਸਕੱਤਰਾਂ ਲਈ ਪੱਕੀ ਨੌਕਰੀ ਦੀ ਮੰਗ ਕਰ ਰਹੇ ਹਾਂ।’ ਇਸ ਤੋਂ ਇਲਾਵਾ ਪਾਰਟੀ ਵਰਕਰਾਂ ਨੇ ਮਸੌਂਧੀ, ਦਨੀਆਵਾ, ਪਟਨਾ ਸ਼ਹਿਰ ਤੇ ਫਤੂਹਾ ’ਚ ਰੇਲਾਂ ਰੋਕੀਆਂ। ਯਾਦਵ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਦਾ ਮਕਸਦ ਕੇਂਦਰ ਦੀ ਮੋਦੀ ਸਰਕਾਰ ਤੇ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਦਿਵਾਉਣਾ ਸੀ। ਰੋਹਤਾਸ ’ਚ ਪਾਰਟੀ ਵਰਕਰਾਂ ਨੇ ਹਾਵੜਾ-ਦਿੱਲੀ-ਕਾਲਕਾ ਮੇਲ ਰੋਕੀ। ਜੀਆਰਪੀ ਤੇ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਜ਼ਾਹਰਾਕਾਰੀਆਂ ਨੂੰ ਹਟਾਇਆ ਤੇ ਰੇਲ ਦੇ ਜਾਣ ਲਈ ਰਾਹ ਪੱਧਰਾ ਕੀਤਾ। -ਆਈਏਐੱਨਐੱਸ