ਜੈਪੁਰ, 4 ਸਤੰਬਰ
ਰਾਜਸਥਾਨ ਵਿੱਚ ਛੇ ਜ਼ਿਲ੍ਹਿਆਂ ਦੀਆਂ 1564 ਪੰਚਾਇਤ ਸਮਿਤੀ ਸੀਟਾਂ ਵਿਚੋਂ ਸੱਤਾਧਾਰੀ ਕਾਂਗਰਸ ਪਾਰਟੀ ਨੇ 670 ਸੀਟਾਂ ਜਿੱਤ ਲਈਆਂ ਹਨ ਜਦਕਿ ਭਾਜਪਾ ਨੇ ਛੇ ਜ਼ਿਲ੍ਹਿਆਂ ਵਿੱਚ 551 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਸੱਤਾਧਾਰੀ ਧਿਰ ਨੂੰ ਤਕੜੀ ਚੁਣੌਤੀ ਦਿੱਤੀ ਹੈ। ਇਹ ਵੋਟਾਂ ਤਿੰਨ ਪੜਾਵਾਂ ਵਿਚ ਹੋਈਆਂ ਸਨ ਜਿਨ੍ਹਾਂ ਦੀ ਗਿਣਤੀ ਅੱਜ ਸ਼ੁਰੂ ਹੋਈ।
ਇਸ ਤੋਂ ਇਲਾਵਾ ਕਾਂਗਰਸ ਨੇ ਜੋਧਪੁਰ ਜ਼ਿਲ੍ਹਾ ਪਰਿਸ਼ਦ ਦੀ ਸੀਟ ਸਣੇ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ 93 ਜ਼ਿਲ੍ਹਾ ਪਰਿਸ਼ਦ ਸੀਟਾਂ ਜਿੱਤ ਲਈਆਂ ਸਨ। ਭਾਜਪਾ ਨੇ 88 ਜ਼ਿਲ੍ਹਾ ਪਰਿਸ਼ਦ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਖ਼ਬਰ ਲਿਖੇ ਜਾਣ ਤੱਕ ਆਰਐੱਲਪੀ ਨੇ 40 ਪੰਚਾਇਤ ਸਮਿਤੀ ਸੀਟਾਂ ਤੇ ਬਸਪਾ ਨੇ 11 ਪੰਚਾਇਤ ਸਮਿਤ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਜਦਕਿ ਪੰਚਾਇਤ ਸਮਿਤੀ ਦੀਆਂ 290 ਸੀਟਾਂ ’ਤੇ ਆਜ਼ਾਦ ਉਮੀਦਵਾਰ ਚੋਣ ਜਿੱਤੇ। ਇਹ ਪੰਚਾਇਤ ਚੋਣਾਂ 26 ਤੇ 29 ਅਗਸਤ ਅਤੇ ਪਹਿਲੀ ਸਤੰਬਰ ਨੂੰ ਤਿੰਨ ਪੜਾਵਾਂ ਵਿੱਚ ਹੋਈਆਂ ਸਨ ਅਤੇ ਚੋਣਾਂ ਦੀ ਗਿਣਤੀ ਸ਼ਨਿਚਰਵਾਰ ਨੂੰ ਸਵੇਰੇ ਸ਼ੁਰੂ ਹੋਈ ਸੀ। ਭਰਤਪੁਰ, ਦੌਸਾ, ਜੈਪੁਰ, ਜੋਧਪੁਰ, ਸਵਾਈ ਮਾਧੋਪੁਰ ਤੇ ਸਿਰੋਹੀ ਛੇ ਜ਼ਿਲ੍ਹਿਆਂ ਦੀਆਂ 78 ਪੰਚਾਇਤ ਸਮਿਤੀਆਂ ਲਈ 1564 ਮੈਂਬਰਾਂ ਦੀ ਚੋਣ ਹੋਈ ਹੈ। -ਪੀਟੀਆਈ