ਨਵੀਂ ਦਿੱਲੀ, 20 ਦਸੰਬਰ
ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 2016 ਦੇ ‘ਪਨਾਮਾ ਪੇਪਰਜ਼ ਲੀਕ’ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਪੁੱਛ ਪੜਤਾਲ ਲਈ ਸੋਮਵਾਰ ਨੂੰ ਇੱਥੇ ਜਾਮਨਗਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਵਿੱਚ ਅਧਿਕਾਰੀਆਂ ਸਾਹਮਣੇ ਪੇਸ਼ ਹੋਈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਈਡੀ ਅਧਿਕਾਰੀਆਂ ਵੱਲੋਂ ਇੱਥੇ ਆਪਣੇ ਦਫ਼ਤਰ ਵਿੱਚ ਐਸ਼ਵਰਿਆ ਰਾਏ ਤੋਂ ਪੰਜ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਗਈ। ਉਨ੍ਹਾਂ ਐਸ਼ਵਰਿਆਂ ਨੂੰ ਲੱਗਪਗ 50 ਸਵਾਲ ਪੁੱਛੇ। ਜ਼ਿਕਰਯੋਗ ਹੈ ਕਿ ਐਸ਼ਵਰਿਆ ਤੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਐਫਈਐੱਮਏ) ਤਹਤ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਲ 2016 ਵਿੱਚ ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰੰਸੋਟਰੀਅਮ ਆਫ਼ ਇਨਵੈਸਟੀਗੇਸ਼ਨ ਜਨਰਲਿਸਟਸ (ਆਈਸੀਆਈਜੇ) ਵੱਲੋਂ ਪਨਾਮਾ ਦੀ ਕਾਨੂੰਨ ਕੰਪਨੀ ਮੋਸੈਕ ਫੋਸੇਂਕਾ ਦੇ ਰਿਕਾਰਡ ਦੀ ਜਾਂਚ ਨਾਲ ਜੁੜਿਆ ਹੋਇਆ ਹੈ। ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਕਰ ਚੋਰੀ ਨੂੰ ਸਾਹਮਣੇ ਲਿਆਂਦਾ ਗਿਆ ਸੀ। ਜ਼ਿਕਰਕਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਪਨਾਮਾ ਪੇਪਰਜ਼’ ਲੀਕ ਮਾਮਲੇ ’ਚ ਪੁੱਛ-ਪੜਤਾਲ ਲਈ ਬੌਲੀਵੁੱਡ ਅਦਾਕਾਰ ਐਸ਼ਵਰਿਆ ਰਾਏ ਨੂੰ ਸੰਮਨ ਭੇਜ ਕੇ ਦਿੱਲੀ ਤਲਬ ਕੀਤਾ ਸੀ। ‘ਪਨਾਮਾ ਪੇਪਰਜ਼’ ਲੀਕ ਮਾਮਲਾ ਸਾਹਮਣੇ ਆਉਣ ਮਗਰੋਂ ਈਡੀ 2016 ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਸ ਨੇ ਬੱਚਨ ਪਰਿਵਾਰ ਨੂੰ ਨੋਟਿਸ ਜਾਰੀ ਕਰਕੇ ਭਾਰਤੀ ਰਿਜ਼ਰਵ ਬੈਂਕ ਦੀ ਐੱਲਆਰਐੱਸ ਯੋਜਨਾ ਤਹਿਤ 2004 ਤੋਂ ਆਪਣੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ਦੇਣ ਲਈ ਕਿਹਾ ਸੀ। -ਏਜੰਸੀਆਂ