ਇਸਲਾਮਾਬਾਦ: ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਅੱਜ ਇਕ ਵੱਡਾ ਖੁਲਾਸਾ ਕਰਦਿਆਂ ਇਹ ਗੱਲ ਕਬੂਲ ਕੀਤੀ ਕਿ ਸਾਲ 2019 ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਦਹਿਸ਼ਤੀ ਹਮਲੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਇਸ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਵਾਲੀ ਸਥਿਤੀ ਬਣ ਗਈ ਸੀ। ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਕੌਮੀ ਅਸੈਂਬਲੀ ’ਚ ਇਕ ਬਹਿਸ ਦੌਰਾਨ ਕਿਹਾ, ‘‘ਅਸੀਂ ਹਿੰਦੁਸਤਾਨ ਨੂੰ ਘਰ ਵਿੱਚ ਵੜ ਕੇ ਮਾਰਿਆ। ਪੁਲਵਾਮਾ ’ਚ ਸਾਡੀ ਸਫ਼ਲਤਾ, ਇਮਰਾਨ ਖਾਨ ਦੀ ਅਗਵਾਈ ਹੇਠ ਮਿਲੀ ਇਸ ਦੇਸ਼ ਦੀ ਸਫ਼ਲਤਾ ਹੈ ਅਤੇ ਅਸੀਂ ਸਾਰੇ ਇਸ ਸਫ਼ਲਤਾ ਦਾ ਹਿੱਸਾ ਹਾਂ।’’ ਇਸ ਦੌਰਾਨ ਜਦੋਂ ਉਸ ਦੇ ਕੁਝ ਸਾਥੀਆਂ ਨੇ ‘ਪੁਲਵਾਮਾ ’ਚ ਸਫ਼ਲਤਾ’ ਵਾਲੀ ਗੱਲ ਦੇ ਜ਼ਿਕਰ ’ਤੇ ਇਤਰਾਜ਼ ਦਾਇਰ ਕੀਤਾ ਤਾਂ ਮੰਤਰੀ ਨੇ ਕਿਹਾ, ‘‘ਪੁਲਵਾਮਾ ਘਟਨਾ ਤੋਂ ਬਾਅਦ ਜਿਸ ਢੰਗ ਨਾਲ ਪਾਕਿਸਤਾਨ ਨੇ ਭਾਰਤ ’ਚ ਵੜ ਕੇ ਉਸ ਨੂੰ ਸ਼ਿਕਾਰ ਬਣਾਇਆ, ਉਸ ’ਤੇ ਭਾਰਤ ’ਚ ਸਮੁੱਚੇ ਮੀਡੀਆ ਨੇ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ।’’ -ਪੀਟੀਆਈ