ਜੰਮੂ, 21 ਅਗਸਤ
ਉੱਚ ਸਿਖਲਾਈ ਯਾਫ਼ਤਾ ਤੇ ਪਾਕਿਸਤਾਨੀ ਫ਼ੌਜ ਦੀ ਇੰਟੈਲੀਜੈਂਸ ਯੂਨਿਟ ਲਈ ਕੰਮ ਕਰਦੇ ਲਸ਼ਕਰ-ਏ-ਤੋਇਬਾ ਦੇ ਗਾਈਡ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਲਸ਼ਕਰ ਦਾ ਇਹ ਗਾਇਡ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਤਬਰਕ ਹੁਸੈਨ (32), ਜੋ ਮਕਬੂਜ਼ਾ ਕਸ਼ਮੀਰ ਵਿੱਚ ਕੋਟਲੀ ਦੇ ਪਿੰਡ ਸਬਜ਼ਕੋਟ ਦਾ ਵਸਨੀਕ ਹੈ, ਨੂੰ ਪਿਛਲੇ ਛੇ ਸਾਲਾਂ ਵਿੱਚ ਦੂਜੀ ਵਾਰ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਤੇ ਉਸ ਦਾ ਛੋਟਾ ਭਰਾ ਹਾਰੂਨ ਅਲੀ ਭਾਰਤ ਵਿੱਚ 26 ਮਹੀਨੇ ਜੇਲ੍ਹ ਵਿੱਚ ਰਹਿ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਇਸ ਸਮੇਂ ਫਿਦਾਇਨ ਹਮਲੇ ਦੀ ਯੋਜਨਾ ਸੀ। ਗ੍ਰਿਫ਼ਤਾਰੀ ਸਮੇਂ ਹੁਸੈਨ ਜ਼ਖ਼ਮੀ ਸੀ ਅਤੇ ਕਹਿ ਰਿਹਾ ਸੀ, ‘‘ਮੈਂ ਮਰਨ ਲਈ ਆਇਆ ਸੀ, ਮੈਨੂੰ ਧੋਖਾ ਦੇ ਦਿੱਤਾ, ਭਾਈਜਾਨ ਮੈਨੂੰ ਇੱਥੋਂ ਕੱਢੋ।’’ -ਪੀਟੀਆਈ