ਜੈਪੁਰ, 29 ਅਕਤੂਬਰ
ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਸੈਕਟਰ ’ਚ ਭਾਰਤੀ ਇਲਾਕੇ ਅੰਦਰ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਗੋਲੀ ਮਾਰ ਦਿੱਤੀ। ਸ੍ਰੀਗੰਗਾਨਗਰ ਦੇ ਐੱਸਪੀ ਆਨੰਦ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਗਸ਼ਤ ਕਰ ਰਹੇ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਇਲਾਕੇ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਦੇਖਿਆ। ਜਦੋਂ ਉਹ ਚਿਤਾਵਨੀ ਦੇ ਬਾਵਜੂਦ ਅੱਗੇ ਵਧਣ ਤੋਂ ਨਹੀਂ ਰੁਕਿਆ ਤਾਂ ਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਕਿਹਾ ਕਿ ਘੁਸਪੈਠੀਏ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ ਕਿਉਂਕਿ ਉਸ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਅਨੂਪਗੜ੍ਹ ਪੁਲੀਸ ਸਟੇਸ਼ਨ ’ਚ ਕੇਸ ਦਰਜ ਕੇ ਲਾਸ਼ ਮੁਰਦਾਘਰ ’ਚ ਰਖਵਾ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ