ਕਾਨਪੁਰ (ਉੱਤਰ ਪ੍ਰਦੇਸ਼), 4 ਜੁਲਾਈ
ਭਾਰਤ ਵਿੱਚ ਪ੍ਰਵਾਨਿਤ ਮਿਆਦ ਨਾਲੋਂ ਵੱਧ ਸਮਾਂ ਰਹਿਣ ਦੇ ਦੋਸ਼ ਹੇਠ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਨਪੁਰ ਪੁਲੀਸ ਮੁਤਾਬਕ ਆਲਮ ਚੰਦ ਨਾਮੀਂ ਵਿਅਕਤੀ ਸਾਲ 1990 ਵਿੱਚ ਕਾਨਪੁਰ ’ਚ ਕੁਝ ਸਮੇਂ ਦੇ ਵੀਜ਼ਾ ’ਤੇ ਆਇਆ ਸੀ ਤੇ ਇਸ ਮਗਰੋਂ ਆਪਣੇ ਪਰਿਵਾਰ ਸਮੇਤ ਇੱਥੇ ਹੀ ਰਹਿਣ ਲੱਗਾ। ਭਾਵੇਂ ਆਲਮ ਚੰਦ ਨੇ ਦਾਅਵਾ ਕੀਤਾ ਕਿ ਉਸਨੇ ਕਾਨੂੰਨੀ ਤੌਰ ’ਤੇ ਸਾਲ 2013 ’ਚ ਭਾਰਤੀ ਨਾਗਰਿਕਤਾ ਹਾਸਲ ਕਰ ਲਈ ਸੀ, ਪਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਆਲਮ ਚੰਦ ਖ਼ਿਲਾਫ਼ ਅਲੋਕ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਜਿਸਦਾ ਦਾਅਵਾ ਹੈ ਕਿ ਉਸ ਨੇ ਗੈਰਕਾਨੂੰਨੀ ਢੰਗ ਨਾਲ ਭਾਰਤੀ ਪਛਾਣ ਪੱਤਰ ਜਿਵੇਂ ਪੈਨ ਤੇ ਆਧਾਰ ਕਾਰਡ ਆਦਿ ਬਣਵਾਏ ਹਨ ਤੇ ਇੱਥੇ ਲਗਾਤਾਰ ਰਹਿ ਰਿਹਾ ਹੈ। -ਆਈਏਐੱਨਐੱਸ