ਇਸਲਾਮਾਬਾਦ, 29 ਅਗਸਤ
ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣਾਂ ਦੇ ਸਿੱਧੇ ਪ੍ਰਸਾਰਣ ’ਤੇ ਲਗਾਈ ਪਾਬੰਦੀ ਹਟਾ ਦਿੱਤੀ। ਇਲੈਕਟ੍ਰਾਨਿਕ ਮੀਡੀਆ ਨਿਗਰਾਨ ਨੇ 20 ਅਗਸਤ ਨੂੰ ਇਮਰਾਨ ਖਾਨ ਵੱਲੋਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰੀ ਅਦਾਰਿਆਂ ਨੂੰ ਧਮਕੀਆਂ ਦੇਣ ਅਤੇ ਭੜਕਾਊ ਬਿਆਨ ਦੇਣ ਤੋਂ ਬਾਅਦ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ‘ਤੇ ਉਨ੍ਹਾਂ ਦੇ ਭਾਸ਼ਣਾਂ ਦੇ ਸਿੱੱਧੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਸੀ। ਡਾਅਨ ਦੀ ਰਿਪੋਰਟ ਅਨੁਸਾਰ 69 ਸਾਲਾ ਖ਼ਾਨ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਥਰ ਮਿਨਅੱਲ੍ਹਾ ਨੇ ਕਿਹਾ ਕਿ ਨਿਗਰਾਨ ਨੇ ‘ਆਪਣੇ ਅਧਿਕਾਰ ਖੇਤਰ ਤੋਂ ਅਗਾਂਹ ਜਾ ਕੇ ਇਹ ਕਾਰਵਾਈ ਕੀਤੀ ਹੈ ਅਤੇ ਪੇਮਰਾ ਨੂੰ ਹਦਾਇਤ ਕੀਤੀ ਕਿ ਉਹ ਇੱਕ ਅਧਿਕਾਰੀ ਨੂੰ ਨਿਯੁਕਤ ਕਰੇ ਜੋ ਅਦਾਲਤ ਵਿੱਚ ਪਾਬੰਦੀ ਨੂੰ ਜਾਇਜ਼ ਠਹਿਰਾ ਸਕੇ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹਵੇਗੀ।
ਦੱਸਣਯੋਗ ਹੈ ਕਿ ਰੈਲੀ ਨੂੰ ਸੰਬੋਧਨ ਕਰਦਿਆਂ ਖਾਨ ਨੇ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਉੱਚ ਪੁਲੀਸ ਅਧਿਕਾਰੀਆਂ, ਪਾਕਿਸਤਾਨ ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ। ਗਿੱਲ ਨੂੰ ਦੇਸ਼ਧਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਇਮਰਾਨ ਨੇ ਗਿੱਲ ਨੂੰ ਦੋ ਦਿਨ ਦੀ ਪੁਲੀਸ ਹਿਰਾਸਤ ਵਿਚ ਭੇਜਣ ਦੀ ਮੰਗ ਨੂੰ ਮੰਨਣ ਵਾਲੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜ਼ੇਬਾ ਚੌਧਰੀ ਨੂੰ ਵੀ ਧਮਕੀ ਦਿੱਤੀ ਸੀ ਅਤੇ ਉਸ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ। ਭਾਸ਼ਣ ਦੇ ਕੁਝ ਘੰਟਿਆਂ ਬਾਅਦ, ਇਮਰਾਨ ਖਿਲਾਫ ਪੁਲੀਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕੀ ਦੇਣ ਦੇ ਦੋਸ਼ ਹੇਠ ਅੱਤਵਾਦ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। –ਏਜੰਸੀ