ਨਵੀਂ ਦਿੱਲੀ, 23 ਜੁਲਾਈ
ਭਾਰਤ ਨੇ ਅੱਜ ਪਾਕਿਸਤਾਨ ’ਤੇ ਦੋਸ਼ ਲਾਇਆ ਹੈ ਕਿ ਊਸ ਨੇ ਮੌਤ ਦੀ ਸਜ਼ਾ ਪ੍ਰਾਪਤ ਕੁਲਭੂਸ਼ਣ ਜਾਧਵ ਦੀਆਂ ਸਾਰੀਆਂ ਕਾਨੂੰਨੀ ਚਾਰਾਜੋਈਆਂ ’ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਨੇ ਕੇਸ ਨਾਲ ਸਿੱਝਣ ’ਚ ‘ਹਾਸੋ-ਹੀਣੀ ਪਹੁੰਚ’ ਅਪਣਾਈ ਹੈ। ਊਨ੍ਹਾਂ ਕਿਹਾ ਕਿ ਭਾਰਤ ਵੱਲੋਂ ਜਾਧਵ ਮਾਮਲੇ ’ਚ ਬਚੇ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ
18 ਜੁਲਾਈ ਨੂੰ ਪਟੀਸ਼ਨ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਾਕਿਸਤਾਨੀ ਵਕੀਲ ਨੇ ਦੱਸਿਆ ਕਿ ਪਾਵਰ ਆਫ਼ ਅਟਾਰਨੀ ਅਤੇ ਸਬੰਧਤ ਦਸਤਾਵੇਜ਼ ਨਾ ਹੋਣ ਕਰ ਕੇ ਅਰਜ਼ੀ ਨਹੀਂ ਦਿੱਤੀ ਜਾ ਸਕਦੀ ਹੈ। ਭਾਰਤ ਵੱਲੋਂ ਇਸ ਮਾਮਲੇ ’ਚ ਕਾਨੂੰਨੀ ਸਲਾਹ ਦੇ ਨਾਲ ਨਾਲ ਕੌਮਾਂਤਰੀ ਨਿਆਂ ਅਦਾਲਤ ਦਾ ਦਰਵਾਜ਼ਾ ਮੁੜ ਤੋਂ ਖੜਕਾਇਆ ਜਾ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਜਾਧਵ ਲਈ ‘ਕਾਨੂੰਨੀ ਨੁਮਾਇੰਦਾ’ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਭਾਰਤ ਨਾਲ ਸਲਾਹ ਨਹੀਂ ਕੀਤੀ ਗਈ ਹੈ। -ਪੀਟੀਆਈ