ਜੰਮੂ, 10 ਜਨਵਰੀ
ਜੰਮੂ ਕਸ਼ਮੀਰ ਦੇ ਰਾਜੌਰੀ, ਪੁਣਛ ਤੇ ਕਠੂਆ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦਾਂ ਦੇ ਨਾਲ ਲੱਗਦੇ ਵੱਖ-ਵੱਖ ਸੈਕਟਰਾਂ ’ਚ ਮੂਹਰਲੀਆਂ ਚੌਕੀਆਂ ਤੇ ਪਿੰਡਾਂ ਵਿੱਚ ਪਾਕਿਸਤਾਨੀ ਫ਼ੌਜੀਆਂ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੋਰਟਾਰ ਤੇ ਹੋਰ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਇਹ ਜਾਣਕਾਰੀ ਅੱਜ ਫ਼ੌਜ ਦੇ ਇਕ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫ਼ੌਜ ਨੇ ਬਾਅਦ ਦੁਪਹਿਰ ਕਰੀਬ 3 ਵਜੇ ਛੋਟੇ ਹਥਿਆਰਾਂ ਤੇ ਮੋਰਟਾਰ ਨਾਲ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫ਼ੌਜ ਨੇ ਵੀ ਮੂੰਹਤੋੜ ਜਵਾਬ ਦਿੱਤਾ। ਖ਼ਬਰ ਲਿਖੇ ਜਾਣ ਤੱਕ ਦੋਵੇਂ ਪਾਸਿਓਂ ਗੋਲੀਬਾਰੀ ਜਾਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਬਾਲਾਕੋਟ, ਦਿਗਵਾਰ ਤੇ ਕਿਰਨੀ ਸੈਕਟਰਾਂ ਵਿੱਚ ਵੀ ਮੋਰਟਾਰ ਨਾਲ ਗੋਲੀਬਾਰੀ ਕੀਤੀ। ਬਾਲਾਕੋਟ ਸੈਕਟਰ ’ਚ ਗੋਲੀਬਾਰੀ ਬਾਅਦ ਦੁਪਹਿਰ 3.35 ਵਜੇ ਸ਼ੁਰੂ ਹੋਈ। ਉਸ ਤੋਂ ਬਾਅਦ ਸ਼ਾਮ 4 ਵਜੇ ਦਿਗਵਾਰ ਤੇ ਕਿਰਨੀ ਸੈਕਟਰਾਂ ’ਚ ਵੀ ਗੋਲੀਬਾਰੀ ਕੀਤੀ ਗਈ, ਜਿਸ ਦਾ ਭਾਰਤੀ ਫ਼ੌਜ ਨੇ ਵੀ ਮੋੜਵਾਂ ਜਵਾਬ ਦਿੱਤਾ। ਖ਼ਬਰ ਲਿਖੇ ਜਾਣ ਤੱਕ ਤਿੰਨੋਂ ਸੈਕਟਰਾਂ ’ਚ ਗੋਲੀਬਾਰੀ ਜਾਰੀ ਸੀ।
ਕਠੂਆ ਜ਼ਿਲ੍ਹੇ ਵਿੱਚ ਪੈਂਦੇ ਹੀਰਾਨਗਰ ’ਚ ਕੌਮਾਂਤਰੀ ਸਰਹੱਦ ਦੇ ਨਾਲ ਗੁਰਨਾਮ ਸਰਹੱਦੀ ਆਊਟਪੋਸਟ ਖੇਤਰ ’ਚ ਵੀ ਪਾਕਿਸਤਾਨੀ ਰੇਂਜਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਸਰਹੱਦ ਪਾਰ ਤੋਂ ਇਹ ਗੋਲੀਬਾਰੀ ਲੰਘੀ ਰਾਤ 11.10 ਵਜੇ ਸ਼ੁਰੂ ਹੋਈ, ਜਿਸ ਦਾ ਸੀਮਾ ਸੁਰੱਖਿਆ ਬਲ ਨੇ ਮੂੰਹਤੋੜ ਜਵਾਬ ਦਿੱਤਾ। ਤੜਕੇ 1.20 ਵਜੇ ਤੱਕ ਦੋਵੇਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ।
-ਪੀਟੀਆਈ