ਸ੍ਰੀਨਗਰ, 13 ਨਵੰਬਰ
ਪਾਕਿਸਤਾਨੀ ਫੌਜਾਂ ਵੱਲੋਂ ਜੰਮੂ ਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਗੁਰੇਜ਼ ਸੈਕਟਰ ਤੋਂ ਉੜੀ ਸੈਕਟਰ ਵਿੱਚ ਵੱਖ ਵੱਖ ਥਾਈਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੀਤੀ ਫਾਇਰਿੰਗ ਵਿੱਚ ਸੁਰੱਖਿਆ ਬਲਾਂ ਦੇ ਤਿੰਨ ਜਵਾਨਾਂ ਸਮੇਤ ਛੇ ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਅਧਿਕਾਰੀਆਂ ਨੇ ਕਿਹਾ ਕਿ ਪਾਕਿ ਫੌਜਾਂ ਨੇ ਫਾਇਰਿੰਗ ਕੀਤੀ ਤੇ ਮੋਰਟਾਰ ਦਾਗੇ। ਉੜੀ ਦੇ ਨਾਂਬਲਾ ਸੈਕਟਰ ਵਿੱਚ ਪਾਕਿਸਤਾਨੀ ਫਾਇਰਿੰਗ ਵਿੱਚ ਦੋ ਫੌਜੀ ਜਵਾਨ ਸ਼ਹੀਦ ਹੋ ਗਏ। ਇਸੇ ਤਰ੍ਹਾਂ ਹਾਜੀ ਪੀਰ ਸੈਕਟਰ ਵਿੱਚ ਬੀਐੱਸਐੱਫ ਦਾ ਸਬ-ਇੰਸਪੈਕਟਰ ਸ਼ਹੀਦ ਤੇ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ। ਬਾਰਾਮੁੱਲਾ ਜ਼ਿਲ੍ਹੇ ਦੇ ਉੜੀ ਖੇਤਰ ਦੇ ਕਮਲਕੋਟ ਸੈਕਟਰ ਵਿੱਚ ਦੋ ਆਮ ਨਾਗਰਿਕ ਮਾਰੇ ਗਏ ਅਤੇ ਉੜੀ ਦੇ ਹੀ ਹਾਜੀ ਪੀਰ ਸੈਕਟਰ ਵਿੱਚ ਬਾਲਾਕੋਟ ਖੇਤਰ ਵਿੱਚ ਇਕ ਔਰਤ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਸਰਹੱਦ ਪਾਰੋਂ ਗੋਲੀਬਾਰੀ ਦੌਰਾਨ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਸ਼ਹੀਦ ਹੋਏ ਸਬ-ਇੰਸਪੈਕਟਰ ਦੀ ਪਛਾਣ ਉੱਤਰਾਖੰਡ ਵਾਸੀ ਰਾਕੇਸ਼ ਡੋਵਾਲ(39) ਵਜੋਂ ਦੱਸੀ ਗਈ ਹੈ, ਜੋ ਬੀਐੱਸਐੱਫ ਦੀ ਆਰਟਿਲਰੀ ਬੈਟਰੀ ਵਿੱਚ ਤਾਇਨਾਤ ਸੀ। ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਵਿੱਚ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਦੌਰਾਨ ਦੁਵੱਲੀ ਗੋਲੀਬਾਰੀ ’ਚ ਪਾਕਿਸਤਾਨ ਦੇ ਸੱਤ ਫੌਜੀਆਂ ਦੇ ਹਲਾਕ ਤੇ ਦਰਜਨ ਕਰੀਬ ਦੇ ਹੋਰਨਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। -ਪੀਟੀਆਈ
ਇਸਲਾਮਾਬਾਦ: ਪਾਕਿਸਤਾਨ ਨੇ ਅੱਜ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਸਫ਼ੀਰ ਨੂੰ ਤਲਬ ਕਰਕੇ ਭਾਰਤੀ ਫੌਜਾਂ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਖ਼ਿਲਾਫ਼ ਰੋਸ ਦਰਜ ਕਰਵਾਇਆ ਹੈ। ਪਾਕਿ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਰੱਖਚਿਕੜੀ ਤੇ ਖੰਜਰ ਸੈਕਟਰਾਂ ਵਿੱਚ ਬਿਨਾਂ ਭੜਕਾਹਟ ਤੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਪਾਕਿਸਤਾਨ ਦਾ ਇਕ ਆਮ ਨਾਗਰਿਕ ਹਲਾਕ ਤੇ ਤਿੰਨ ਹੋਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। -ਪੀਟੀਆਈ