ਨਵੀਂ ਦਿੱਲੀ, 13 ਨਵੰਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਭਾਰਤ ਤੋਂ ਕਣਕ ਦਰਾਮਦ ਕਰਨ ਦੀ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਭਾਰਤ ਵੱਲੋਂ ਮਨੁੱਖਤਾ ਦੇ ਆਧਾਰ ’ਤੇ ਅਫ਼ਗਾਨਿਸਤਾਨ ਨੂੰ ਕਣਕ ਭੇਜਣ ਦੀ ਪੇਸ਼ਕਸ਼ ਕੀਤੀ ਗਈ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਮਰਾਨ ਖਾਨ ਨੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਦੀ ਅਗਵਾਈ ਹੇਠਲੇ ਵਫ਼ਦ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਮੁੱਤਾਕੀ ਦੀ ਅਗਵਾਈ ਹੇਠਲਾ ਵਫ਼ਦ ਪਾਕਿਤਸਾਨ ਦੇ ਤਿੰਨ ਰੋਜ਼ਾ ਦੌਰੇ ’ਤੇ ਹੈ। ਮੁਲਾਕਾਤ ਦੌਰਾਨ ਇਮਰਾਨ ਨੇ ਅਫ਼ਗਾਨਿਸਤਾਨ ਤੇ ਅਫ਼ਗਾਨ ਲੋਕਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਹਮਾਇਤ ਦਾ ਅਹਿਦ ਦੁਹਰਾਇਆ। ਉਨ੍ਹਾਂ ਪਾਕਿਸਤਾਨ ਤੇ ਇਸ ਇਲਾਕੇ ਲਈ ਅਫ਼ਗਾਨਿਸਤਾਨ ’ਚ ਅਮਨ, ਸਥਿਰਤਾ, ਖੁਦਮੁਖਤਿਆਰੀ, ਖੁਸ਼ਹਾਲੀ ਦੇ ਮਹੱਤਵ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਅਫ਼ਗਾਨ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੁਰੱਖਿਆ ਤੇ ਅਤਿਵਾਦੀ ਗਤੀਵਿਧੀਆਂ ਖਿਲਾਫ਼ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। -ਆਈਏਐੱਨਐੱਸ