ਇਸਲਾਮਾਬਾਦ, 5 ਜਨਵਰੀ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਗਲਵਾਰ ‘ਇਵੈਕੂਈ ਪ੍ਰਾਪਰਟੀ ਟਰੱਸਟ ਬੋਰਡ’ (ਈਪੀਟੀਬੀ) ਨੂੰ ਹੁਕਮ ਦਿੱਤਾ ਕਿ ਇੱਕ ਸਦੀ ਤੋਂ ਵੱਧ ਪੁਰਾਣੇ ਹਿੰਦੂ ਧਰਮ ਦੇ ਉਸ ਮੰਦਰ ਦੀ ਮੁੜ ਉਸਾਰੀ ਸ਼ੁਰੂ ਕਰੇ, ਜਿਸ ਨੂੰ ਖੈਬਰ ਪਖਤੂਨਖਵਾ ’ਚ ਪਿਛਲੇ ਹਫ਼ਤੇ ਭੀੜ ਨੇ ਤੋੜ ਦਿੱਤਾ ਅਤੇ ਅੱਗ ਲਾ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਹਮਲੇ ਨਾਲ ਦੇਸ਼ ਨੂੰ ‘ਆਲਮੀ ਪੱਧਰ ’ਤੇ ਨਮੋਸ਼ੀ’ ਝੱਲਣੀ ਪੈ ਰਹੀ ਹੈ। ‘ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਹਮਲੇ ਦਾ ਨੋਟਿਸ ਲੈਂਦਿਆਂ ਸਥਾਨਕ ਅਧਿਕਾਰੀ ਨੂੰ 5 ਜਨਵਰੀ ਨੂੰ ਅਦਾਲਤ ’ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਪਾਕਿਸਤਾਨ ’ਚ ਵਿੱਚ ਅਜਿਹੇ ਸਾਰੇ ਮੰਦਰਾਂ ਜਾਂ ਗੁਰਦੁਆਰਿਆਂ ਦਾ ਵੇਰਵਾ ਅਦਾਲਤ ਨੂੰ ਸੌਂਪੇ, ਜੋ ਖੁੱਲ੍ਹੇ ਜਾਂ ਬੰਦ ਹਨ। ਮੰਗਲਵਾਰ ਨੂੰ ਸੁਣਵਾਈ ਦੌਰਾਨ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਈਪੀਟੀਬੀ ਨੂੰ ਨਿਰਦੇਸ਼ ਦਿੱਤਾ ਦੇਸ਼ ਭਰ ਦੇ ਮੰਦਿਰਾਂ ’ਚੋਂ ਕਬਜ਼ਿਆਂ ਨੂੰ ਹਟਾਵੇ ਅਤੇ ਕਬਜ਼ਿਆਂ ’ਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੇ। -ਏਜੰਸੀ