ਨਵੀਂ ਦਿੱਲੀ, 23 ਮਾਰਚ
ਭਾਰਤ ਅਤੇ ਪਾਕਿਸਤਾਨ ਨੂੰ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਗੱਲਬਾਤ ਰਾਹੀਂ ਜੰਮੂ ਕਸ਼ਮੀਰ ਸਣੇ ਸਾਰੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਸੀਨੀਅਰ ਪਾਕਿਸਤਾਨੀ ਡਿਪਲੋਮੈਟ ਨੇ ਮੰਗਲਵਾਰ ਨੂੰ ਇਥੇ ਇਹ ਗੱਲ ਕਹੀ। ਇਥੇ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਪਾਕਿਸਤਾਨ ਦਿਵਸ ਸਮਾਰੋਹਾਂ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿਚ ਮਿਸ਼ਨ ਦੇ ਅਧਿਕਾਰੀ ਆਫ਼ਤਾਬ ਹਸਨ ਖਾਨ ਨੇ ਕਿਹਾ, “ਇਸ ਮੌਕੇ ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹਾਂਗਾ ਕਿ ਸ਼ਾਂਤੀ ਅਤੇ ਸਥਿਰਤਾ ਇਸ ਖੇਤਰ ਵਿਚ ਸਾਰੇ ਦੇਸ਼ਾਂ ਦੇ ਵਿਕਾਸ ਲਈ ਜ਼ਰੂਰੀ ਹੈ। ਪਾਕਿਸਤਾਨ ਆਪਣੇ ਸਾਰੇ ਗੁਆਂਢੀਆਂ, ਖ਼ਾਸਕਰ ਭਾਰਤ ਨਾਲ ਚੰਗੇ ਦੋਸਤਾਨਾ ਸਬੰਧ ਰੱਖਣਾ ਚਾਹੁੰਦਾ ਹੈ। ਸਥਿਰਤਾ ਤੇ ਸ਼ਾਂਤੀ ਲਈ ਇਹ ਜ਼ਰੂਰੀ ਹੈ ਕਿ ਅਸੀਂ ਜੰਮੂ ਕਸ਼ਮੀਰ ਸਣੇ ਸਾਰੇ ਦੁਵੱਲੇ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰੀਏ।”