ਸ੍ਰੀਨਗਰ, 13 ਜਨਵਰੀ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਫੌਜ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਦੀ ਪਛਾਣ ਪਾਕਿਸਤਾਨ ਦੇ ਬਾਬਰ ਭਾਈ ਵਜੋਂ ਹੋਈ ਹੈ, ਜੋ 2018 ਤੋਂ ਸ਼ੋਪੀਆਂ-ਕੁਲਗਾਮ ਦੇ ਖੇਤਰਾਂ ਵਿੱਚ ਸਰਗਰਮ ਸੀ। ਪੁਲੀਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੁਕਾਬਲਾ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਪਰੀਵਾਨ ਖੇਤਰ ਵਿੱਚ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਏਕੇ ਰਾਈਫਲ, ਪਿਸਤੌਲ ਅਤੇ ਦੋ ਗ੍ਰਨੇਡ ਬਰਾਮਦ ਹੋਏ ਹਨ। ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਨੇ ਟਵੀਟ ਵਿੱਚ ਕਿਹਾ ਕਿ ਮੁਕਾਬਲੇ ਦੌਰਾਨ ਪੁਲੀਸ ਕਾਂਸਟੇਬਲ ਰੋਹਿਤ ਛਬਿ ਸ਼ਹੀਦ ਹੋ ਗਏ ਤੇ ਫੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਦੋ ਨਾਗਰਿਕਾਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਰਾਤ ਕਰੀਬ ਪੌਣੇ ਨੌਂ ਵਜੇ ਇੱਕ ਮਕਾਨ ਦੀ ਤਲਾਸ਼ੀ ਲੈਣ ਸਮੇਂ ਅਤਿਵਾਦੀ ਨੇ ਗੋਲੀ ਚਲਾਈ ਅਤੇ ਗ੍ਰਨੇਡ ਸੁੱਟਿਆ।
ਉਨ੍ਹਾਂ ਕਿਹਾ ਕਿ ਨਾਗਰਿਕਾਂ ਸਣੇ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਫੌਜ ਦੇ 92 ਬੇਸ ਸਥਿਤ ਹਸਪਤਾਲ ਲਿਆਂਦਾ ਗਿਆ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ। ਉਧਰ ਕੁਪਵਾੜਾ ਵਿੱਚ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀ ਜਨਵਰੀ ਤੋਂ ਹੁਣ ਤੱਕ 14 ਅਤਿਵਾਦੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 7 ਵਿਦੇਸ਼ੀ ਨਾਗਰਿਕ ਸਨ। ਇਨ੍ਹਾਂ ਵਿੱਚ ਕੰਟਰੋਲ ਰੇਖਾ ’ਤੇ ਮਾਰਿਆ ਗਿਆ ਜੈਸ਼-ਏ-ਮੁਹੰਮਦ ਦਾ ਬਾਬਰ ਭਾਈ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਅਤਿਵਾਦੀ ਲੁਕਿਆ ਹੋਇਆ ਸੀ, ਉਸ ਦੇ ਮਾਲਕ ਤੇ ਪਰਿਵਾਰ ਨੇ ਪੁਲੀਸ ਨੂੰ ਗੁੰਮਰਾਹ ਕੀਤਾ। ਇਸ ਕਾਰਨ ਜਵਾਨਾਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਘਰ ਦੇ ਮਾਲਕ ਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ