ਇਸਲਾਮਾਬਾਦ: ਇਥੋਂ ਦੇ ਹਾਈ ਕੋਰਟ ਨੇ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਕੈਦੀ ਕੁਲਭੂਸ਼ਣ ਜਾਧਵ (50) ਲਈ ਵਕੀਲ ਨਿਯੁਕਤ ਕਰਨ ਵਾਲੀ ਸਰਕਾਰ ਦੀ ਅਰਜ਼ੀ ’ਤੇ ਸੁਣਵਾਈ 5 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਨੂੰ ਅਗਲੀ ਤਰੀਕ ’ਤੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਭਾਰਤੀ ਜਲ ਸੈਨਾ ਦੇ ਅਧਿਕਾਰੀ ਜਾਧਵ ਨੂੰ ਅਪਰੈਲ 2017 ’ਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਕੌਮਾਂਤਰੀ ਨਿਆਂ ਅਦਾਲਤ ਕੋਲ ਪਹੁੰਚ ਕਰਕੇ ਜਾਧਵ ਦੀ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਅਟਾਰਨੀ ਜਨਰਲ ਖਾਲਿਦ ਜਾਵੇਦ ਖ਼ਾਨ ਦੀ ਬੇਨਤੀ ’ਤੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ। ਕੇਸ ਦੀ 7 ਮਈ ਨੂੰ ਹੋਈ ਸੁਣਵਾਈ ਦੌਰਾਨ ਬੈਂਚ ਨੇ ਭਾਰਤ ਨੂੰ ਜਾਧਵ ਲਈ ਵਕੀਲ ਨਿਯੁਕਤ ਕਰਨ ਵਾਸਤੇ 15 ਜੂਨ ਤੱਕ ਦਾ ਇਕ ਹੋਰ ਮੌਕਾ ਦਿੱਤਾ ਸੀ ਪਰ ਭਾਰਤ ਨੇ ਇਹ ਆਖਦਿਆਂ ਵਕੀਲ ਨਿਯਕੁਤ ਨਹੀਂ ਕੀਤਾ ਕਿ ਇਹ ਜਾਧਵ ਨੂੰ ਮਿਲੀ ਸੁਰੱਖਿਆ ਦੀ ਉਲੰਘਣਾ ਹੋਵੇਗੀ। -ਪੀਟੀਆਈ