ਨਵੀਂ ਦਿੱਲੀ, 18 ਫਰਵਰੀ
ਲੌਂਗੇਵਾਲਾ ਦੀ ਫ਼ੈਸਲਾਕੁਨ ਜੰਗ ਨੂੰ ਯਾਦ ਕਰਦਿਆਂ ਅੱਜ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌੜੀਆ ਨੇ ਕਿਹਾ ਕਿ ਟੈਂਕਾਂ ਨਾਲ ਹਮਲਾ ਕਰਨ ਦੀ ਪਾਕਿਸਤਾਨੀ ਸੈਨਾ ਦੀ ਯੋਜਨਾ ਜ਼ਬਰਦਸਤ ਸੀ ਪਰ ਉਹ ਭਾਰਤੀ ਹਵਾਈ ਸੈਨਾ ਦੀ ਤਾਕਤ ਨੂੰ ਸ਼ਾਇਦ ਭੁੱਲ ਗਏ ਸੀ। ਸ੍ਰੀ ਭਦੌੜੀਆ ਨੇ ਕਿਹਾ ਕਿ ਪਾਕਿਸਤਾਨੀ ਫੌਜ ਇਹ ਭੁੱਲ ਗਈ ਸੀ ਜੈਸਲਮੇਰ ’ਚ ਤਾਇਨਾਤ ਹੰਟਰ ਜਹਾਜ਼ਾਂ ਦਾ ਅੱਧਾ ਸਕੁਐਰਡਨ ਕੀ ਕਰ ਸਕਦਾ ਹੈ ਅਤੇ ਸ਼ਾਇਦ ਇਹੀ ਉਨ੍ਹਾਂ ਦੀ ਇੱਕੋ ਇੱਕ ਗਲਤੀ ਸੀ। ਭਾਰਤ 1971 ਦੀ ਜੰਗ ’ਚ ਪਾਕਿਸਤਾਨ ’ਤੇ ਜਿੱਤ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਹਵਾਈ ਸੈਨਾ ਮੁਖੀ ਪਾਲਮ ’ਚ ਭਾਰਤੀ ਹਵਾਈ ਸੈਨਾ ਦੇ ਅਜਾਇਬਘਰ ’ਚ ਪੁਸਤਕ ‘ਦਿ ਐਪਿਕ ਬੈਟਲ ਆਫ ਲੌਂਗੇਵਾਲਾ’ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ। ਇਹ ਕਿਤਾਬ ਏਅਰ ਮਾਰਸ਼ਲ (ਸੇਵਾਮੁਕਤ) ਭਰਤ ਕੁਮਾਰ ਨੇ ਲਿਖੀ ਹੈ। ਇਸ ਸਮਾਗਮ ਮੌਕੇ ਪਾਕਿਸਤਾਨੀ ਸੈਨਾ ਦੇ ਨੁਕਸਾਨੇ ਦੋ ਟੀ-59 ਟੈਂਕ ਤੇ ਹੰਟਰ, ਕ੍ਰਿਸ਼ਕ ਅਤੇ ਹੋਰ ਜਹਾਜ਼ ਵੀ ਖੜ੍ਹੇ ਸਨ। ਇਨ੍ਹਾਂ ਜਹਾਜ਼ਾਂ ਨੇ ਇਸ ਲੜਾਈ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਲੌਂਗੇਵਾਲਾ ਦੀ ਲੜਾਈ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਲੌਂਗੇਵਾਲਾ-ਜੈਸਲਮੇਰ ਦੇ ਇਲਾਕੇ ਨੂੰ ਦੇਖਦਿਆਂ ਪਾਕਿਸਤਾਨੀ ਸੈਨਾ ਦੀ ਟੈਂਕਾਂ ਨਾਲ ਹਮਲਾ ਕਰਨ ਦੀ ਯੋਜਨਾ ਆਪਣੇ ਆਪ ’ਚ ਜ਼ਬਰਦਸਤ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਯੋਜਨਾ ਕਾਮਯਾਬ ਹੋ ਜਾਂਦੀ ਤਾਂ ਉਹ ਪੱਛਮੀ ਮੋਰਚੇ ’ਤੇ ਅਤੇ ਜੰਗ ਦੇ ਆਖਰੀ ਨਤੀਜੇ ਦੀ ਦਿਸ਼ਾ ਹੀ ਬਦਲ ਦਿੰਦੀ। -ਪੀਟੀਆਈ