ਜੰਮੂ/ਸ੍ਰੀਨਗਰ: ਪਾਕਿਸਤਾਨੀ ਫ਼ੌਜ ਵੱਲੋਂ ਅੱਜ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ’ਚ ਕੰਟਰੋਲ ਰੇਖਾ ਨਾਲ ਲੱਗਦੀਆਂ ਭਾਰਤੀ ਫ਼ੌਜ ਦੀਆਂ ਮੂਹਰਲੀਆਂ ਚੌਕੀਆਂ ’ਤੇ ਗੋਲਾਬਾਰੀ ਕੀਤੀ ਗਈ। ਰੱਖਿਆ ਤਰਜਮਾਨ ਨੇ ਦੱਸਿਆ ਕਿ ਸਰਹੱਦ ਪਾਰੋਂ ਗੋਲਾਬਾਰੀ ਸ਼ਾਮ 7 ਵਜੇ ਸ਼ੁਰੂ ਹੋਈ ਪਰ ਭਾਰਤੀ ਵਾਲੇ ਪਾਸਿਓ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ। ਆਖਰੀ ਰਿਪੋਰਟ ਮਿਲਣ ਤੱਕ ਦੋਵੇਂ ਪਾਸਿਓਂ ਗੋਲਾਬਾਰੀ ਜਾਰੀ ਸੀ।
ਇਸ ਤੋੋਂ ਇਲਾਵਾ ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ ਗਈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਟੁਕੜੀ ਵੱਲੋਂ ਸੂਹ ਦੇ ਆਧਾਰ ’ਤੇ ਸੋਪੋਰ ਇਲਾਕੇ ਦੇ ਵਰਪੋਰਾ ਤੇ ਡੰਗੇਰਪੋਰਾ ਦੇ ਬਗੀਚਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਕਿ ਦਹਿਸ਼ਤਗਰਦਾਂ ਨੇ ਟੁਕੜੀ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। -ਪੀਟੀਆਈ