ਸ੍ਰੀਨਗਰ, 27 ਦਸੰਬਰ
ਸਰਦੀਆਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਆਪਣੇ ਅੰਦਰੂਨੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ (ਐੱਨਓਸੀ) ਨੇੜੇ ਤਣਾਅ ਵਧਾਉਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਇੱਥੇ ਫੌਜ ਦੇ ਇੱਕ ਸਿਖਰਲੇ ਕਮਾਂਡਰ ਨੇ ਕਹੀ।
ਫੌਜ ਦੀ 15ਵੀਂ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਬੀਐੱਸ ਰਾਜੂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਮਕਬੂਜ਼ਾ ਕਸ਼ਮੀਰ ’ਚ ‘ਲਾਂਚ ਪੈਡ’ ’ਤੇ 200 ਤੋਂ 250 ਅਤਿਵਾਦੀ ਮੌਜੂਦ ਹਨ ਜੋ ਘੁਸਪੈਠ ਦੀ ਫਿਰਾਕ ’ਚ ਹਨ। ਉਨ੍ਹਾਂ ਕਿਹਾ ਕਿ ਉਹ ਘੁਸਪੈਠ ਲਈ ਖਰਾਬ ਮੌਸਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ ਪਰ ਸੁਰੱਖਿਆ ਦਸਤੇ ਕਸ਼ਮੀਰ ’ਚ ਐੱਲਓਸੀ ਤੋਂ ਸਿੱਧੇ ਘੁਸਪੈਠ ਅਤੇ ਪੀਰ ਪੰਜਾਲ ਦੇ ਦੱਖਣੀ ਇਲਾਕੇ ’ਚ ਘੁਸਪੈਠ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਹਾਲ ਹੀ ’ਚ ਮੁਕੰਮਲ ਹੋਈਆਂ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਬਾਰੇ ਕਿਹਾ ਕਿ ਉਹ ਖੁਸ਼ ਹਨ ਕਿ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਤੇ ਲੋਕ ਜਮਹੂਰੀਅਤ ਦੀ ਮਜ਼ਬੂਤੀ ਲਈ ਵੋਟ ਪਾਉਣ ਲਈ ਨਿਕਲੇ। -ਪੀਟੀਆਈ