ਸ੍ਰੀਨਗਰ, 19 ਦਸੰਬਰ
ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦਾ ਅਤਿ-ਲੋੜੀਂਦਾ ਅਤਿਵਾਦੀ ਅੱਜ ਸ਼ਹਿਰ ਦੇ ਹਰਵਾਨ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲੀਸ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਸਮੇਤ ਅਤਿਵਾਦ ਨਾਲ ਸਬੰਧਿਤ ਕਈ ਕੇਸਾਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਅਤਿਵਾਦੀ ਦੇ ਛੁਪੇ ਹੋਣ ਦੀ ਗੁਪਤ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਵੱਲੋਂ ਸ੍ਰੀਨਗਰ ਦੇ ਥੀਡ ਹਰਵਾਨ ਖੇਤਰ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਅਤਿਵਾਦੀ ਨੂੰ ਘੇਰਨ ਮਗਰੋਂ ਆਤਮ-ਸਮਰਪਣ ਦੇ ਕਈ ਮੌਕੇ ਦਿੱਤੇ ਗਏ। -ਪੀਟੀਆਈ