ਸ੍ਰੀਨਗਰ, 21 ਨਵੰਬਰ
ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਗੁਪਕਾਰ ਐਲਾਨਨਾਮੇ ਬਾਰੇ ਗੱਠਜੋੜ (ਪੀਏਜੀਡੀ) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਖੜ੍ਹੇ ਗੱਠਜੋੜ ਉਮੀਦਵਾਰਾਂ ਨਾਲ ਸੁਰੱਖਿਆ ਦੇ ਨਾਂ ’ਤੇ ਕੀਤੇ ਜਾ ਰਹੇ ਵਿਤਕਰੇ ਦੀ ਨਿਖੇਧੀ ਕੀਤੀ ਹੈ। ਜੰਮੂ ਤੇ ਕਸ਼ਮੀਰ ਦੇ ਚੋਣ ਕਮਿਸ਼ਨਰ ਕੇ.ਕੇ.ਸ਼ਰਮਾ ਨੂੰ ਲਿਖੇ ਦੋ ਸਫ਼ਿਆਂ ਦੇ ਪੱਤਰ ਵਿੱਚ ਅਬਦੁੱਲਾ ਨੇ ਕਿਹਾ ਕਿ ਡੀਡੀਸੀ ਚੋਣਾਂ ਵਿੱਚ ਖੜ੍ਹੇ ਗੱਠਜੋੜ ਦੇ ਉਮੀਦਵਾਰਾਂ ਨੂੰ ਸੁਰੱਖਿਆ ਦੇ ਨਾਂ ’ਤੇ ‘ਸੁਰੱਖਿਅਤ ਟਿਕਾਣਿਆਂ’ ਤੱਕ ਸੀਮਤ ਕਰਕੇ ਚੋਣ ਪ੍ਰਚਾਰ ਕਰਨ ਤੋਂ ਡੱਕਿਆ ਜਾ ਰਿਹੈ ਜਦੋਂਕਿ ਭਾਜਪਾ ਉਮੀਦਵਾਰਾਂ ਸੁਰੱਖਿਆ ਛਤਰੀ ਹੇਠ ਖੁੱਲ੍ਹੇਆਮ ਪ੍ਰਚਾਰ ਕਰ ਰਹੇ ਹਨ। ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਵਤੀਰਾ ਜਮਹੂਰੀਅਤ ’ਚ ਦਖ਼ਲ ਹੈ।