ਮੁੱਖ ਅੰਸ਼
- ਤਿਲਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ 523 ਰੁਪਏ ਕੁਇੰਟਲ ਦਾ ਵਾਧਾ
- ਸਭ ਤੋਂ ਘੱਟ ਮੱਕੀ ਦਾ ਸਮਰਥਨ ਮੁੱਲ 92 ਰੁਪਏ ਕੁਇੰਟਲ ਵਧਾਇਆ
ਨਵੀਂ ਦਿੱਲੀ, 8 ਜੂਨ
ਕੇਂਦਰ ਸਰਕਾਰ ਨੇ ਅੱਜ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ 100 ਰੁਪਏ ਦਾ ਵਾਧਾ ਕਰ ਕੇ 2022-23 ਲਈ ਐੱਮਐੱਸਪੀ 2040 ਰੁਪਏ ਕੁਇੰਟਲ ਤੈਅ ਕੀਤੀ ਹੈ। ਇਸ ਦੇ ਨਾਲ ਹੀ 14 ਹੋਰ ਫ਼ਸਲਾਂ ਦੇ ਭਾਅ ਵੀ ਤੈਅ ਕੀਤੇ ਹਨ ਤਾਂ ਜੋ ਕਿਸਾਨਾਂ ਨੂੰ ਫ਼ਸਲ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਆਮਦਨ ਵਧਾਈ ਜਾ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ (ਸੀਸੀਈਏ) ਵੱਲੋਂ 2022-23 ਲਈ ਸਾਉਣੀ ਦੀਆਂ ਸਾਰੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ‘ਬੀਜ ਤੋਂ ਬਾਜ਼ਾਰ ਤੱਕ’ ਕਾਫੀ ਕਦਮ ਉਠਾਏ ਹਨ ਜਿਨ੍ਹਾਂ ਕਾਰਨ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫ਼ਸਲ ਲਗਾਉਣ ਤੋਂ ਪਹਿਲਾਂ ਹੀ ਐੱਮਐੱਸਪੀ ਵਿੱਚ ਵਾਧੇ ਦਾ ਐਲਾਨ ਕਰਨ ਨਾਲ ਕਿਸਾਨਾਂ ਨੂੰ ਪਹਿਲਾਂ ਹੀ ਕੀਮਤਾਂ ਬਾਰੇ ਸੰਕੇਤ ਮਿਲ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਵਿੱਚ ਮਦਦ ਮਿਲੇਗੀ ਕਿ ਕਿਹੜੀ ਫ਼ਸਲ ਬੀਜਣੀ ਹੈ। ਕੈਬਨਿਟ ਕਮੇਟੀ ਦੇ ਫ਼ੈਸਲੇ ਮੁਤਾਬਕ ਸਾਉਣੀ ਦੀਆਂ 14 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 92 ਤੋਂ 523 ਰੁਪਏ ਵਿਚਾਲੇ ਵਧਾਇਆ ਗਿਆ ਹੈ। ਸਭ ਤੋਂ ਵੱਧ 523 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਤਿਲਾਂ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਹੈ ਜਦਕਿ ਸਭ ਤੋਂ ਘੱਟ 92 ਰੁਪਏ ਪ੍ਰਤੀ ਕੁਇੰਟਲ ਵਾਧਾ ਮੱਕੀ ਦੀਆਂ ਕੀਮਤਾਂ ’ਚ ਕੀਤਾ ਗਿਆ ਹੈ। ਸਾਲ 2022-23 ਲਈ ਝੋਨੇ ਤੇ ਬਾਜਰੇ ਦੀਆਂ ਘੱਟੋ-ਘੱਟ ਕੀਮਤਾਂ ਵਿੱਚ 100 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਜਦਕਿ ਤੂਰ (ਅਰਹਰ), ਮਾਂਹ ਅਤੇ ਮੂੰਗਫਲੀ ਦੀਆਂ ਘੱਟੋ-ਘੱਟ ਕੀਮਤਾਂ ’ਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਝੋਨੇ ਦੀ ਆਮ ਕਿਸਮ ਦਾ ਐੱਮਐੱਸਪੀ 1940 ਰੁਪਏ ਤੋਂ ਵਧਾ ਕੇ 2040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਜਦਕਿ ਝੋਨੇ ਦੀ ‘ਏ’ ਗਰੇਡ ਕਿਸਮ ਦਾ ਘੱਟੋ-ਘੱਟ ਸਮਰਥਨ ਮੁੱਲ 1960 ਰੁਪਏ ਤੋਂ ਵਧਾ ਕੇ 2060 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਵਪਾਰਕ ਫ਼ਸਲਾਂ ’ਚੋਂ ਮੱਧਮ ਮੁੱਖ ਕਿਸਮ ਦੀ ਕਪਾਹ ਦਾ ਮੁੱਲ 5726 ਰੁਪਏ ਤੋਂ ਵਧਾ ਕੇ 6080 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਲੰਬੀ ਮੁੱਖ ਕਿਸਮ ਦੀ ਕਪਾਹ ਦਾ ਮੁੱਲ 6025 ਤੋਂ ਵਧਾ ਕੇ 6380 ਰੁਪਏ ਕੁਇੰਟਲ ਐਲਾਨਿਆ ਗਿਆ ਹੈ। ਦਾਲਾਂ ਵਿੱਚੋਂ ਤੂਰ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾ ਕੇ 6600 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਕਿ ਪਿਛਲੇ ਸਾਲ 6300 ਰੁਪਏ ਸੀ ਜਦਕਿ ਮੂੰਗੀ ਦੀ ਦਾਲ ਦਾ ਐੱਮਐੱਸਪੀ 7275 ਤੋਂ ਵਧਾ ਕੇ 7755 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਮਾਂਹ ਦਾ ਐੱਮਐੱਸਪੀ ਵਧਾ ਕੇ 6600 ਰੁਪਏ ਕਰ ਦਿੱਤਾ ਗਿਆ ਹੈ। ਤੇਲ ਬੀਜ ਵਾਲੀਆਂ ਫ਼ਸਲਾਂ ’ਚੋਂ ਸੋਇਆਬੀਨ ਦਾ ਸਮਰਥਨ ਮੁੱਲ 3950 ਤੋਂ ਵਧਾ ਕੇ 4300 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ ਜਦਕਿ ਸੂਰਜਮੁਖੀ ਦਾ ਸਮਰਥਨ ਮੁੱਲ 6015 ਤੋਂ ਵਧਾ ਕੇ 6400 ਰੁਪਏ ਕਰ ਦਿੱਤਾ ਗਿਆ ਹੈ। ਮੂੰਗਫਲੀ ਦਾ ਘੱਟੋ ਘੱਟ ਸਮਰਥਨ ਮੁੱਲ ਵਧਾ ਕੇ 5850 ਰੁਪਏ ਕੁਇੰਟਲ, ਜਦਕਿ ਤਿਲਾਂ ਦਾ ਸਮਰਥਨ ਮੁੱਲ 7830 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਕਿ ਪਿਛਲੇ ਸਾਲ 7307 ਰੁਪਏ ਸੀ। ਕਾਲੇ ਤਿਲਾਂ ਦਾ ਸਮਰਥਨ ਮੁੱਲ 6930 ਤੋਂ ਵਧਾ ਕੇ 7287 ਰੁਪਏ ਕੁਇੰਟਲ ਕੀਤਾ ਗਿਆ ਹੈ। ਅਨਾਜ ਵਿੱਚੋਂ ਮੱਕੀ ਦਾ ਸਮਰਥਨ ਮੁੱਲ 1870 ਤੋਂ ਵਧਾ ਕੇ 1962 ਕਰ ਦਿੱਤਾ ਗਿਆ ਹੈ, ਜਦਕਿ ਰਾਗੀ ਦਾ ਮੁੱਲ 3377 ਤੋਂ ਵਧਾ ਕੇ 3578 ਰੁਪਏ ਕੁਇੰਟਲ ਕਰ ਦਿੱਤਾ ਹੈ। ਬਾਜਰੇ ਦਾ ਸਮਰਥਨ ਮੁੱਲ 2250 ਰੁਪਏ ਤੋਂ ਵਧਾ ਕੇ 2350 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਜਵਾਰ (ਹਾਈਬ੍ਰਿਡ) ਦਾ ਐੱਮਐੱਸਪੀ 2738 ਰੁਪਏ ਤੋਂ ਵਧਾ ਕੇ 2970 ਰੁਪਏ ਕੀਤਾ ਗਿਆ ਹੈ ਜਦਕਿ ਜਵਾਰ ਦਾ ਸਮਰਥਨ ਮੁੱਲ 2758 ਤੋਂ ਵਧਾ ਕੇ 2990 ਰੁਪਏ ਕੁਇੰਟਲ ਕੀਤਾ ਗਿਆ ਹੈ। -ਪੀਟੀਆਈ
ਸਨਅਤੀ ਸਹਿਯੋਗ ’ਤੇ ਭਾਰਤ-ਯੂਏਈ ਸਮਝੌਤੇ ਲਈ ਮਨਜ਼ੂਰੀ ਦਿੱਤੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸਨਅਤਾਂ ਅਤੇ ਐਡਵਾਂਸ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਇਕ ਦੁਵੱਲੇ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਇਹ ਫ਼ੈਸਲਾ ਲਿਆ। -ਪੀਟੀਆਈ
10 ਸੰਚਾਰ ਉਪ ਗ੍ਰਹਿ ਐੱਨਐੱਸਆਈਐੱਲ ਨੂੰ ਤਬਦੀਲ ਕਰਨ ਦੀ ਮਨਜ਼ੂਰੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ 10 ਇਨ-ਓਰਬਿਟ ਸੰਚਾਰ ਉਪ ਗ੍ਰਹਿ ਭਾਰਤ ਸਰਕਾਰ ਤੋਂ ਨਿਊ ਸਪੇਸ ਇੰਡੀਆ ਲਿਮਿਟਡ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਸਰਕਾਰੀ ਬਿਆਨ ਅਨੁਸਾਰ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ 10 ਇਨ-ਓਰਬਿਟ ਸੰਚਾਰ ਉਪ ਗ੍ਰਹਿ ਭਾਰਤ ਸਰਕਾਰ ਤੋਂ ਨਿਊ ਸਪੇਸ ਇੰਡੀਆ ਲਿਮਿਟਡ (ਐੱਨਐੱਸਆਈਐੱਲ) ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।’’ ਐੱਨਐੱਸਆਈਐੱਲ ਪੁਲਾੜ ਵਿਭਾਗ ਦੇ ਪ੍ਰਸ਼ਾਸਨਿਕ ਕੰਟਰੋਲ ਅਧੀਨ ਭਾਰਤ ਸਰਕਾਰ ਦੇ ਪੂਰਨ ਕੰਟਰੋਲ ਵਾਲਾ ਜਨਤਕ ਖੇਤਰ ਦਾ ਇਕ ਉੱਦਮ ਹੈ। -ਪੀਟੀਆਈ
ਪੰਜਾਬ ਦੇ ਕਿਸਾਨਾਂ ਦਾ ਨਹੀਂ ਬੱਝਾ ਧਰਵਾਸ
ਚੰਡੀਗੜ੍ਹ (ਟਨਸ): ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ ਕੀਤਾ ਗਿਆ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਪੰਜਾਬ ਦੇ ਕਿਸਾਨਾਂ ਨੂੰ ਧਰਵਾਸ ਨਹੀਂ ਬੰਨ੍ਹ ਸਕਿਆ ਹੈ| ਕਣਕ ਦੀ ਫ਼ਸਲ ਦੇ ਝਾੜ ’ਤੇ ਪਈ ਮਾਰ ਕਰ ਕੇ ਕਿਸਾਨਾਂ ਨੂੰ ਝੋਨੇ ਦੇ ਭਾਅ ਵਿੱਚ ਚੰਗਾ ਵਾਧਾ ਮਿਲਣ ਦੀ ਆਸ ਸੀ ਪਰ ਕੇਂਦਰ ਸਰਕਾਰ ਨੇ ਸੌ ਰੁਪਏ ਪ੍ਰਤੀ ਕੁਇੰਟਲ ਦਾ ਹੀ ਵਾਧਾ ਦਿੱਤਾ ਹੈ| ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਪੰਜਾਬ ਵਿੱਚ ਬਿਜਲੀ ਸੰਕਟ ਦਾ ਡਰ ਵੀ ਕਿਸਾਨਾਂ ਨੂੰ ਸਤਾ ਰਿਹਾ ਹੈ| ਕਿਸਾਨ ਝੋਨੇ ਦਾ ਲਾਗਤ ਖ਼ਰਚ ਵਧਣ ਦੀ ਗੱਲ ਆਖ ਰਹੇ ਹਨ| ਕੇਂਦਰ ਸਰਕਾਰ ਨੇ ਅੱਜ 14 ਫ਼ਸਲਾਂ ਦੇ ਭਾਅ ਵਿੱਚ ਵਾਧਾ ਕਰ ਕੇ ਇਸ ਨੂੰ ਕਿਸਾਨਾਂ ਲਈ ਤੋਹਫ਼ਾ ਦੱਸਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮਹਿੰਗਾਈ ਦਰ 6.7 ਫ਼ੀਸਦੀ ਵਧੀ ਹੈ ਜਦੋਂ ਕਿ 11 ਫ਼ਸਲਾਂ ਦੇ ਭਾਅ ਵਿੱਚ ਵਾਧੇ ਦੀ ਦਰ ਮਹਿੰਗਾਈ ਦਰ ਨਾਲੋਂ ਘੱਟ ਹੈ|
ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਅਨਾਜ ਦਾ ਸੰਕਟ ਵੀ ਬਣਿਆ ਹੋਇਆ ਹੈ ਅਤੇ ਇੱਧਰ ਪੰਜਾਬ ਵਿੱਚ ਕਿਸਾਨ ਕਰਜ਼ੇ ਦੀ ਲਪੇਟ ਵਿੱਚ ਹਨ ਤੇ ਖ਼ੁਦਕੁਸ਼ੀਆਂ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ ਹੈ| ਕੇਂਦਰ ਸਰਕਾਰ ਨੇ ਝੋਨੇ ਦਾ ਭਾਅ ਪ੍ਰਤੀ ਕੁਇੰਟਲ 1940 ਰੁਪਏ ਤੋਂ ਵਧਾ ਕੇ 2040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ|
ਨਜ਼ਰ ਮਾਰੀਏ ਤਾਂ ਕੇਂਦਰ ਦੀ ਐੱਨਡੀਏ ਸਰਕਾਰ ਨੇ ਲੰਘੇ ਅੱਠ ਵਰ੍ਹਿਆਂ ਦੌਰਾਨ ਝੋਨੇ ਦੇ ਭਾਅ ਵਿੱਚ ਸਿਰਫ਼ 50 ਫ਼ੀਸਦੀ ਦਾ ਵਾਧਾ ਕੀਤਾ ਹੈ| ਅੱਠ ਵਰ੍ਹੇ ਪਹਿਲਾਂ ਝੋਨੇ ਦਾ ਭਾਅ 1360 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਹੁਣ ਵਧ ਕੇ 2040 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ| ਦੂਜੇ ਪਾਸੇ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਦਸ ਵਰ੍ਹਿਆਂ ਵਿੱਚ ਝੋਨੇ ਦੀ ਕੀਮਤ ਵਿੱਚ 130 ਫ਼ੀਸਦੀ ਦਾ ਵਾਧਾ ਹੋਇਆ ਸੀ| 2005-06 ਵਿੱਚ ਝੋਨੇ ਦਾ ਸਮਰਥਨ ਮੁੱਲ 570 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ 2013-14 ਵਿੱਚ ਵਧ ਕੇ 1310 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਸੀ| ਕਿਸਾਨ ਆਗੂ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਕੀ ਕਰਨੀ ਸੀ ਬਲਕਿ ਕਿਸਾਨਾਂ ਨੂੰ ਬਣਦਾ ਭਾਅ ਦੇਣ ਤੋਂ ਵੀ ਭੱਜ ਗਈ ਹੈ|)
ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ ਕੀਤਾ ਗਿਆ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਪੰਜਾਬ ਦੇ ਕਿਸਾਨਾਂ ਨੂੰ ਧਰਵਾਸ ਨਹੀਂ ਬੰਨ੍ਹ ਸਕਿਆ ਹੈ| ਕਣਕ ਦੀ ਫ਼ਸਲ ਦੇ ਝਾੜ ’ਤੇ ਪਈ ਮਾਰ ਕਰ ਕੇ ਕਿਸਾਨਾਂ ਨੂੰ ਝੋਨੇ ਦੇ ਭਾਅ ਵਿੱਚ ਚੰਗਾ ਵਾਧਾ ਮਿਲਣ ਦੀ ਆਸ ਸੀ ਪਰ ਕੇਂਦਰ ਸਰਕਾਰ ਨੇ ਸੌ ਰੁਪਏ ਪ੍ਰਤੀ ਕੁਇੰਟਲ ਦਾ ਹੀ ਵਾਧਾ ਦਿੱਤਾ ਹੈ| ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਪੰਜਾਬ ਵਿੱਚ ਬਿਜਲੀ ਸੰਕਟ ਦਾ ਡਰ ਵੀ ਕਿਸਾਨਾਂ ਨੂੰ ਸਤਾ ਰਿਹਾ ਹੈ| ਕਿਸਾਨ ਝੋਨੇ ਦਾ ਲਾਗਤ ਖ਼ਰਚ ਵਧਣ ਦੀ ਗੱਲ ਆਖ ਰਹੇ ਹਨ|
ਕੇਂਦਰ ਸਰਕਾਰ ਨੇ ਅੱਜ 14 ਫ਼ਸਲਾਂ ਦੇ ਭਾਅ ਵਿੱਚ ਵਾਧਾ ਕਰ ਕੇ ਇਸ ਨੂੰ ਕਿਸਾਨਾਂ ਲਈ ਤੋਹਫ਼ਾ ਦੱਸਿਆ ਹੈ| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮਹਿੰਗਾਈ ਦਰ 6.7 ਫ਼ੀਸਦੀ ਵਧੀ ਹੈ ਜਦੋਂ ਕਿ 11 ਫ਼ਸਲਾਂ ਦੇ ਭਾਅ ਵਿੱਚ ਵਾਧੇ ਦੀ ਦਰ ਮਹਿੰਗਾਈ ਦਰ ਨਾਲੋਂ ਘੱਟ ਹੈ| ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਅਨਾਜ ਦਾ ਸੰਕਟ ਵੀ ਬਣਿਆ ਹੋਇਆ ਹੈ ਅਤੇ ਇੱਧਰ ਪੰਜਾਬ ਵਿੱਚ ਕਿਸਾਨ ਕਰਜ਼ੇ ਦੀ ਲਪੇਟ ਵਿੱਚ ਹਨ ਤੇ ਖ਼ੁਦਕੁਸ਼ੀਆਂ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ ਹੈ| ਕੇਂਦਰ ਸਰਕਾਰ ਨੇ ਝੋਨੇ ਦਾ ਭਾਅ ਪ੍ਰਤੀ ਕੁਇੰਟਲ 1940 ਰੁਪਏ ਤੋਂ ਵਧਾ ਕੇ 2040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ|
ਨਜ਼ਰ ਮਾਰੀਏ ਤਾਂ ਕੇਂਦਰ ਦੀ ਐੱਨਡੀਏ ਸਰਕਾਰ ਨੇ ਲੰਘੇ ਅੱਠ ਵਰ੍ਹਿਆਂ ਦੌਰਾਨ ਝੋਨੇ ਦੇ ਭਾਅ ਵਿੱਚ ਸਿਰਫ਼ 50 ਫ਼ੀਸਦੀ ਦਾ ਵਾਧਾ ਕੀਤਾ ਹੈ| ਅੱਠ ਵਰ੍ਹੇ ਪਹਿਲਾਂ ਝੋਨੇ ਦਾ ਭਾਅ 1360 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਹੁਣ ਵਧ ਕੇ 2040 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ| ਦੂਜੇ ਪਾਸੇ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਦਸ ਵਰ੍ਹਿਆਂ ਵਿੱਚ ਝੋਨੇ ਦੀ ਕੀਮਤ ਵਿੱਚ 130 ਫ਼ੀਸਦੀ ਦਾ ਵਾਧਾ ਹੋਇਆ ਸੀ|
2005-06 ਵਿੱਚ ਝੋਨੇ ਦਾ ਸਮਰਥਨ ਮੁੱਲ 570 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ 2013-14 ਵਿੱਚ ਵਧ ਕੇ 1310 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਸੀ| ਕਿਸਾਨ ਆਗੂ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀ ਆਮਦਨ ਦੁੱਗਣੀ ਤਾਂ ਕੀ ਕਰਨੀ ਸੀ ਬਲਕਿ ਕਿਸਾਨਾਂ ਨੂੰ ਬਣਦਾ ਭਾਅ ਦੇਣ ਤੋਂ ਵੀ ਭੱਜ ਗਈ ਹੈ|