ਨਵੀਂ ਦਿੱਲੀ, 26 ਸਤੰਬਰ
ਕੇਂਦਰ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਖਰੀਦ ਨੂੰ ਤੁਰੰਤ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ’ਤੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਰਾਜਾਂ ਵਿੱਚ ਝੋਨੇ ਦੀ ਜਲਦੀ ਆਮਦ ਸ਼ੁਰੂ ਹੋ ਗਈ ਹੈ, ਜਦ ਕਿ ਹੋਰ ਰਾਜਾਂ ਵਿੱਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੇਂਦਰੀ ਖੁਰਾਕ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ” ਹਰਿਆਣਾ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਜਲਦੀ ਆਮਦ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਰਾਜਾਂ ਵਿੱਚ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹੁਕਮ 26 ਸਤੰਬਰ ਤੋਂ ਲਾਗੂ ਹੋ ਗਿਆ ਹੈ।” ਕੇਂਦਰ ਨੇ ਚਾਲੂ ਸਾਲ ਲਈ ‘ਆਮ ਕਿਸਮ’ ਦੇ ਝੋਨੇ ਲਈ 1868 ਰੁਪਏ ਪ੍ਰਤੀ ਕੁਇੰਟਲ ਅਤੇ ‘ਏ’ ਗਰੇਡ ਦੀਆਂ ਕਿਸਮਾਂ ਲਈ 1,888 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਤੈਅ ਕੀਤਾ ਹੈ।ਸਰਕਾਰ ਨੇ ਸਾਉਣੀ ਦੇ ਮਾਰਕੀਟਿੰਗ ਸੀਜ਼ਨ ਦੌਰਾਨ ਪੰਜਾਬ ਤੋਂ 113 ਲੱਖ ਟਨ ਅਤੇ ਹਰਿਆਣਾ ਤੋਂ 44 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਹੈ। 2020-21 ਸਾਉਣੀ ਦੇ ਸੀਜ਼ਨ ਦੌਰਾਨ ਪੂਰੇ ਦੇਸ਼ ਲਈ ਕੁੱਲ ਚੌਲ ਖਰੀਦ ਦਾ ਟੀਚਾ 495.37 ਲੱਖ ਟਨ ਨਿਰਧਾਰਤ ਕੀਤਾ ਗਿਆ ਹੈ।