ਨਵੀਂ ਦਿੱਲੀ, 8 ਮਈ
ਮੁੱਖ ਅੰਸ਼
- ਆਕਸੀਜਨ ਦੀ ਮੰਗ ਅਤੇ ਵੰਡ ਉਤੇ ਨਜ਼ਰ ਰੱਖੇਗੀ 12 ਮੈਂਬਰੀ ਵਿਸ਼ੇਸ਼ ਟੀਮ
- ਵਿਗਿਆਨਕ, ਬਰਾਬਰੀ ਅਤੇ ਤਰਕ ਦੇ ਆਧਾਰ ਉੱਤੇ ਫ਼ੈਸਲਾ ਲਏਗੀ ਟਾਸਕ ਫੋਰਸ
-
ਕੇਂਦਰੀ ਕੈਬਨਿਟ ਸਕੱਤਰ ਟਾਸਕ ਫੋਰਸ ਦਾ ਕਨਵੀਨਰ ਹੋਵੇਗਾ
ਸੁਪਰੀਮ ਕੋਰਟ ਨੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ 12 ਮੈਂਬਰਾਂ ਦੀ ਇਕ ਟੀਮ ਦਾ ਗਠਨ ਕੀਤਾ ਹੈ ਜੋ ਕਿ ਮਹਾਮਾਰੀ ਨਾਲ ਨਜਿੱਠਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ। ਕੌਮੀ ਟਾਸਕ ਫੋਰਸ ਦੇ ਮਾਹਿਰ ਵਿਗਿਆਨਕ ਤੇ ਵੱਖ-ਵੱਖ ਖੇਤਰਾਂ ਦੇ ਆਪਣੇ ਗਿਆਨ ਨੂੰ ਕੋਵਿਡ-19 ਦਾ ਟਾਕਰਾ ਕਰਨ ਲਈ ਵਰਤਣਗੇ। ਜਸਟਿਸ ਡੀ.ਵਾਈ. ਚੰਦਰਚੂੜ ਤੇ ਐਮ.ਆਰ. ਸ਼ਾਹ ਦੇ ਬੈਂਚ ਨੇ ਕਿਹਾ ਕਿ ਟਾਕਸ ਫੋਰਸ ਬਣਾਉਣ ਦਾ ਮੰਤਵ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਦੀ ਵਿਗਿਆਨਕ ਪੱਖ ਤੋਂ ਵੰਡ ਯਕੀਨੀ ਬਣਾਉਣ ਲਈ ਕੋਈ ਢੰਗ-ਤਰੀਕਾ ਲੱਭਣਾ ਵੀ ਹੈ। ਅਦਾਲਤ ਨੇ ਕਿਹਾ ਕਿ ਕੇਂਦਰੀ ਕੈਬਨਿਟ ਸਕੱਤਰ ਟਾਸਕ ਫੋਰਸ ਦਾ ਕਨਵੀਨਰ ਹੋਵੇਗਾ, ਜਦ ਲੋੜ ਪਵੇਗਾ ਉਹ ਆਪਣੇ ਲਈ ਵਧੀਕ ਸਕੱਤਰ ਰੈਂਕ ਦਾ ਅਧਿਕਾਰੀ ਨਿਯੁਕਤ ਕਰ ਸਕਦਾ ਹੈ। ਸਿਖ਼ਰਲੀ ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਸਕੱਤਰ ਟਾਸਕ ਫੋਰਸ ਦਾ ਐਕਸ-ਆਫੀਸ਼ੀਓ ਮੈਂਬਰ ਹੋਵੇਗਾ। ਟਾਸਕ ਫੋਰਸ ਦੇ ਮੈਂਬਰਾਂ ਵਿਚ ਪੱਛਮੀ ਬੰਗਾਲ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਭਾਬਾਤੋਸ਼ ਬਿਸਵਾਸ, ਸਰ ਗੰਗਾ ਰਾਮ ਹਸਪਤਾਲ ਦੇ ਡਾ. ਦੇਵੇਂਦਰ ਸਿੰਘ ਰਾਣਾ, ਨਾਰਾਇਣ ਹੈਲਥਕੇਅਰ ਬੰਗਲੁਰੂ ਦੇ ਡਾ. ਦੇਵੀ ਪ੍ਰਸਾਦ ਸ਼ੈੱਟੀ, ਕ੍ਰਿਸਚੀਅਨ ਮੈਡੀਕਲ ਕਾਲਜ (ਤਾਮਿਲਨਾਡੂ) ਦੀ ਪ੍ਰੋਫੈਸਰ ਡਾ. ਗਗਨਦੀਪ ਕੰਗ, ਇਸੇ ਕਾਲਜ ਦੇ ਹੀ ਡਾ. ਜੇ.ਵੀ. ਪੀਟਰ ਸ਼ਾਮਲ ਹਨ। ਟਾਸਕ ਫੋਰਸ ਦੇ ਹੋਰਨਾਂ ਮੈਂਬਰਾਂ ਵਿਚ ਮੇਦਾਂਤਾ ਹਸਪਤਾਲ ਦੇ ਚੇਅਰਪਰਸਨ ਤੇ ਐਮਡੀ ਡਾ. ਨਰੇਸ਼ ਤ੍ਰੇਹਨ, ਫੋਰਟਿਸ ਹਸਪਤਾਲ (ਮੁੰਬਈ) ਦੇ ਡਾ. ਰਾਹੁਲ ਪੰਡਿਤ, ਸਰ ਗੰਗਾ ਰਾਮ ਹਸਪਤਾਲ ਦਿੱਲੀ ਦੀ ਡਾ. ਸੌਮਿਤਰਾ ਰਾਵਤ ਸ਼ਾਮਲ ਹਨ। ਬੈਂਚ ਨੇ ਕਿਹਾ ਕਿ ‘ਆਈਐਲਬੀਐੱਸ’ ਸੰਸਥਾ, ਦਿੱਲੀ ਦੇ ਡਾ. ਸ਼ਿਵ ਕੁਮਾਰ ਸਰੀਨ, ਛਾਤੀ ਦੇ ਰੋਗਾਂ ਦੇ ਉੱਘੇ ਮਾਹਿਰ ਕਈ ਵੱਡੇ ਹਸਪਤਾਲਾਂ ਵਿਚ ਕੰਸਲਟੈਂਟ ਡਾ. ਜ਼ਰੀਫ਼ ਐਫ ਉਪਵਾੜੀਆ ਵੀ ਟਾਸਕ ਫੋਰਸ ਦੇ ਮੈਂਬਰਾਂ ਵਿਚ ਸ਼ਾਮਲ ਹਨ। -ਪੀਟੀਆਈ
‘ਆਕਸੀਜਨ ਦੀ ਵੰਡ ਲਈ ਪ੍ਰਭਾਵੀ ਤੇ ਪਾਰਦਰਸ਼ੀ ਢਾਂਚੇ ਦੀ ਲੋੜ’
ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਇਸ ਗੱਲ ਉਤੇ ਸਹਿਮਤੀ ਬਣੀ ਹੈ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੈਡੀਕਲ ਆਕਸੀਜਨ ਦੀ ਵੰਡ ਵਿਗਿਆਨਕ, ਬਰਾਬਰੀ ਅਤੇ ਤਰਕ ਦੇ ਅਧਾਰ ਉਤੇ ਕਰਨੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਐਨੀ ਲਚਕ ਹੋਵੇ ਕਿ ਹੰਗਾਮੀ ਸਥਿਤੀ ਵਿਚ ਮੰਗ ਅਚਾਨਕ ਵਧਣ ’ਤੇ ਇਸ ਦੀ ਪੂਰਤੀ ਕੀਤੀ ਜਾਵੇ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵਿਚ ਇਕ ਅਜਿਹਾ ਪ੍ਰਭਾਵੀ ਤੇ ਪਾਰਦਰਸ਼ੀ ਢਾਂਚਾ ਹੋਵੇ ਜੋ ਮਹਾਮਾਰੀ ਦੌਰਾਨ ਵਰਤੀ ਜਾਣ ਵਾਲੀ ਮੈਡੀਕਲ ਆਕਸੀਜਨ ਦੀ ਵੰਡ ਲਈ ਕੰਮ ਕਰੇ। -ਆਈਏਐਨਐੱਸ
ਦਿੱਲੀ ਲਈ ਸਬ-ਗਰੁੱਪ ਕਾਇਮ
ਸਿਖ਼ਰਲੀ ਅਦਾਲਤ ਨੇ ਇਕ ਸਬ-ਗਰੁੱਪ ਵੀ ਬਣਾਇਆ ਹੈ ਜੋ ਦਿੱਲੀ ਦੇ ਸਿਹਤ ਢਾਂਚੇ ਤੇ ਆਕਸੀਜਨ ਵੰਡ ਦੀ ਨਿਗਰਾਨੀ ਕਰੇਗਾ। ਇਸ ਗਰੁੱਪ ਵਿਚ ਏਮਸ ਦੇ ਰਣਦੀਪ ਗੁਲੇਰੀਆ ਤੇ ਮੈਕਸ ਹੈਲਥਕੇਅਰ ਦੇ ਸੰਦੀਪ ਬੁੱਧੀਰਾਜਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸੰਯੁਕਤ ਸਕੱਤਰ ਪੱਧਰ ਦੇ ਦੋ ਆਈਏਐੱਸ ਅਧਿਕਾਰੀ ਵੀ ਹੋਣਗੇ ਜਿਨ੍ਹਾਂ ਵਿਚੋਂ ਇਕ ਕੇਂਦਰ ਤੇ ਦੂਜਾ ਦਿੱਲੀ ਸਰਕਾਰ ਤੋਂ ਹੋਵੇਗਾ।
‘ਦਿੱਲੀ ਨੂੰ ਹਰ ਹਾਲ ਰੋਜ਼ਾਨਾ 700 ਟਨ ਆਕਸੀਜਨ ਦਿੱਤੀ ਜਾਵੇ’
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਨੂੰ ਮੈਡੀਕਲ ਆਕਸੀਜਨ ਦੀ ਵੰਡ ਤੇ ਉਪਲਬਧਤਾ ਨਹੀਂ ਘਟਾਈ ਜਾਵੇਗੀ ਅਤੇ ਕੌਮੀ ਰਾਜਧਾਨੀ ਨੂੰ ਰੋਜ਼ਾਨਾ 700 ਮੀਟਰਕ ਟਨ ਆਕਸੀਜਨ ਮੁਹੱਈਆ ਕਰਵਾਉਣ ਸਬੰਧੀ ਅਦਾਲਤ ਦੀਆਂ ਹਦਾਇਤਾਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਇਹ ਹੁਕਮ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਐੱਮ.ਆਰ. ਸ਼ਾਹ ਦੇ ਇਕ ਬੈਂਚ ਨੇ ਦਿੱਤੀ। ਬੈਂਚ ਨੇ ਅਗਲੇ ਹੁਕਮਾਂ ਤੱਕ ਦਿੱਲੀ ਨੂੰ ਰੋਜ਼ਾਨਾ 700 ਮੀਟਰਕ ਟਨ ਆਕਸੀਜਨ ਮੁਹੱਈਆ ਕਰਵਾਉਣ ਸਬੰਧੀ ਅਦਾਲਤ ਦੇ ਹੁਕਮਾਂ ਦੇ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਹੈ। -ਆਈਏਐੱਨਐੱਸ